ਵਾਲਸ਼ ਨੂੰ ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਹਟਾਇਆ ਗਿਆ
Wednesday, Apr 12, 2023 - 03:56 PM (IST)
ਸੇਂਟ ਜੌਨਜ਼/ਐਂਟੀਗਾ (ਭਾਸ਼ਾ)- ਮਹਾਨ ਤੇਜ਼ ਗੇਂਦਬਾਜ਼ ਕੋਰਟਨੀ ਵਾਲਸ਼ ਨੂੰ ਵੈਸਟਇੰਡੀਜ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਕ੍ਰਿਕਟ ਵੈਸਟਇੰਡੀਜ਼ ਨੇ ਇਹ ਫੈਸਲਾ ਦੱਖਣੀ ਅਫਰੀਕਾ ਵਿੱਚ ਹਾਲ ਹੀ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਨਾਕਆਊਟ ਪੜਾਅ ਲਈ ਟੀਮ ਦੇ ਕੁਆਲੀਫਾਈ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਲਿਆ ਹੈ। ਬੋਰਡ ਨੇ ਕਿਹਾ ਕਿ ਉਹ ਜਲਦੀ ਹੀ ਵਾਲਸ਼ ਅਤੇ ਹੋਰ ਸਹਾਇਕ ਸਟਾਫ ਦੀ ਥਾਂ ਨਵੀਆਂ ਨਿਯੁਕਤੀਆਂ ਕਰੇਗਾ। ਵਿਸ਼ਵ ਕੱਪ ਵਿੱਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸਪੋਰਟ ਸਟਾਫ਼ ਦੇ ਕਿਸੇ ਵੀ ਮੈਂਬਰ ਦੇ ਇਕਰਾਰਨਾਮੇ ਨੂੰ ਰੀਨਿਊ ਨਹੀਂ ਕੀਤਾ ਗਿਆ ਹੈ।
ਵੈਸਟਇੰਡੀਜ਼ ਵਿਸ਼ਵ ਕੱਪ ਦੇ ਪਹਿਲੇ ਦੋ ਮੈਚਾਂ ਵਿੱਚ ਇੰਗਲੈਂਡ ਅਤੇ ਭਾਰਤ ਤੋਂ ਹਾਰ ਗਿਆ ਸੀ ਅਤੇ ਆਇਰਲੈਂਡ ਅਤੇ ਪਾਕਿਸਤਾਨ ਵਿਰੁੱਧ ਜਿੱਤਾਂ ਦੇ ਬਾਵਜੂਦ ਆਪਣੇ ਗਰੁੱਪ ਵਿੱਚ ਤੀਜੇ ਸਥਾਨ 'ਤੇ ਰਿਹਾ ਸੀ। ਵਾਲਸ਼ ਨੇ ਅਕਤੂਬਰ 2020 ਵਿੱਚ ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਅਹੁਦਾ ਸੰਭਾਲਿਆ ਸੀ। ਕ੍ਰਿਕਟ ਵੈਸਟਇੰਡੀਜ਼ ਨੇ ਇਕ ਬਿਆਨ 'ਚ ਕਿਹਾ ਕਿ ਕ੍ਰਿਕਟ ਵੈਸਟਇੰਡੀਜ਼ (ਸੀ. ਡਬਲਿਊ. ਆਈ.) ਨੇ ਮਹਿਲਾ ਟੀਮ ਦੇ ਮੁੱਖ ਕੋਚ ਕੋਰਟਨੀ ਵਾਲਸ਼ ਦੇ ਇਕਰਾਰਨਾਮੇ ਨੂੰ ਰੀਨਿਊ ਨਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਨਵੀਂ ਨਿਯੁਕਤੀ ਦੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਹੋ ਜਾਵੇਗੀ। ਵਾਲਸ਼ ਨੇ ਆਪਣੇ ਕਰੀਅਰ ਦੌਰਾਨ 132 ਟੈਸਟਾਂ ਵਿੱਚ 519 ਵਿਕਟਾਂ ਅਤੇ 205 ਵਨਡੇ ਵਿੱਚ 227 ਵਿਕਟਾਂ ਲਈਆਂ ਸਨ।