ਵਿਰਾਟ ਕੋਹਲੀ ਨਹੀਂ ਖੇਡਣਗੇ ਇਹ ਵਨਡੇ ਮੈਚ, ਨਿਊਜ਼ੀਲੈਂਡ ਸੀਰੀਜ਼ ਤੋਂ ਪਹਿਲਾਂ ਆਈ ਵੱਡੀ ਖ਼ਬਰ
Monday, Jan 05, 2026 - 07:37 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਨਵੇਂ ਸਾਲ 'ਚ ਖੇਡਦੇ ਦੇਖਣ ਲਈ ਪ੍ਰਸ਼ੰਸਕਾਂ ਨੂੰ ਅਜੇ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ। ਹਾਲ ਹੀ ਵਿੱਚ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਵਾਪਸੀ ਕਰਨ ਵਾਲੇ ਕੋਹਲੀ ਹੁਣ ਵਿਜੇ ਹਜ਼ਾਰੇ ਟਰਾਫੀ ਵਿੱਚ ਆਪਣਾ ਅਗਲਾ ਮੈਚ ਨਹੀਂ ਖੇਡਣਗੇ। ਤਾਜ਼ਾ ਰਿਪੋਰਟਾਂ ਅਨੁਸਾਰ, ਉਹ ਮੰਗਲਵਾਰ 6 ਜਨਵਰੀ ਨੂੰ ਰੇਲਵੇ ਵਿਰੁੱਧ ਹੋਣ ਵਾਲੇ ਮੁਕਾਬਲੇ ਵਿੱਚ ਦਿੱਲੀ ਦੀ ਟੀਮ ਦਾ ਹਿੱਸਾ ਨਹੀਂ ਹੋਣਗੇ।
15 ਸਾਲਾਂ ਬਾਅਦ ਕੀਤੀ ਸੀ ਵਾਪਸੀ
ਬੀ.ਸੀ.ਸੀ.ਆਈ. ਦੇ ਆਦੇਸ਼ਾਂ ਤੋਂ ਬਾਅਦ ਵਿਰਾਟ ਕੋਹਲੀ ਲਗਭਗ 15 ਸਾਲਾਂ ਬਾਅਦ ਘਰੇਲੂ ਟੂਰਨਾਮੈਂਟ 'ਵਿਜੇ ਹਜ਼ਾਰੇ ਟਰਾਫੀ' ਵਿੱਚ ਖੇਡਣ ਉਤਰੇ ਸਨ। ਉਨ੍ਹਾਂ ਨੇ ਦਿੱਲੀ ਲਈ ਦੋ ਮੈਚ ਖੇਡੇ ਅਤੇ ਦੋਵਾਂ ਵਿੱਚ ਹੀ ਬਿਹਤਰੀਨ ਬੱਲੇਬਾਜ਼ੀ ਕੀਤੀ। ਕੋਹਲੀ ਨੇ ਆਂਧਰਾ ਪ੍ਰਦੇਸ਼ ਵਿਰੁੱਧ ਸ਼ਾਨਦਾਰ ਸੈਂਕੜਾ ਜੜਿਆ ਅਤੇ ਗੁਜਰਾਤ ਵਿਰੁੱਧ 77 ਦੌੜਾਂ ਦੀ ਦਮਦਾਰ ਪਾਰੀ ਖੇਡੀ।
ਇਹ ਵੀ ਪੜ੍ਹੋ- 'ਕੋਈ ਨਹੀਂ ਦੇਖੇਗਾ T20 ਵਿਸ਼ਵ ਕੱਪ...!', ICC 'ਤੇ ਭੜਕੇ ਅਸ਼ਵਿਨ, ਦੱਸੀ ਵੱਡੀ ਵਜ੍ਹਾ
ਪਹਿਲਾਂ ਅਜਿਹੀਆਂ ਖ਼ਬਰਾਂ ਸਨ ਕਿ ਕੋਹਲੀ ਰੇਲਵੇ ਖ਼ਿਲਾਫ਼ ਵੀ ਮੈਦਾਨ ਵਿੱਚ ਉਤਰ ਸਕਦੇ ਹਨ, ਇੱਥੋਂ ਤੱਕ ਕਿ ਡੀ.ਡੀ.ਸੀ.ਏ. ਦੇ ਪ੍ਰਧਾਨ ਰੋਹਨ ਜੇਤਲੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ, ਹੁਣ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਉਹ ਇਸ ਮੈਚ ਦਾ ਹਿੱਸਾ ਨਹੀਂ ਬਣਨਗੇ ਅਤੇ ਗੁਜਰਾਤ ਵਿਰੁੱਧ ਮੈਚ ਤੋਂ ਬਾਅਦ ਹੀ ਆਪਣੇ ਘਰ ਮੁੰਬਈ ਪਰਤ ਗਏ ਹਨ। ਕੋਹਲੀ ਦੇ ਇਸ ਮੈਚ ਵਿੱਚ ਨਾ ਖੇਡਣ ਦਾ ਅਸਲ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ।
ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਦੀ ਵਾਪਸੀ
ਜਿੱਥੇ ਕੋਹਲੀ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ, ਉੱਥੇ ਹੀ ਮੰਗਲਵਾਰ ਨੂੰ ਹੋਣ ਵਾਲੇ ਮੈਚਾਂ ਵਿੱਚ ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਵਾਪਸੀ ਕਰਨਗੇ। ਗਿੱਲ ਬੀਮਾਰੀ ਤੋਂ ਬਾਅਦ ਗੋਆ ਖ਼ਿਲਾਫ਼ ਪੰਜਾਬ ਵੱਲੋਂ ਖੇਡਣਗੇ, ਜਦਕਿ ਸੱਟ ਤੋਂ ਉਭਰ ਰਹੇ ਸ਼੍ਰੇਅਸ ਅਈਅਰ ਮੁੰਬਈ ਦੀ ਕਪਤਾਨੀ ਕਰਦੇ ਹੋਏ ਹਿਮਾਚਲ ਪ੍ਰਦੇਸ਼ ਵਿਰੁੱਧ ਮੈਦਾਨ ਵਿੱਚ ਉਤਰਨਗੇ। ਅਈਅਰ ਦੀ ਫਿਟਨੈੱਸ 'ਤੇ ਇਸ ਮੈਚ ਤੋਂ ਬਾਅਦ ਹੀ ਫੈਸਲਾ ਹੋਵੇਗਾ ਕਿ ਉਹ ਨਿਊਜ਼ੀਲੈਂਡ ਸੀਰੀਜ਼ ਵਿੱਚ ਖੇਡਣਗੇ ਜਾਂ ਨਹੀਂ।
ਇਹ ਵੀ ਪੜ੍ਹੋ- 6,6,6,6,6,6,6,6,6,6...!, ਗਦਰ ਮਚਾ ਰਿਹੈ ਵੈਭਵ ਸੂਰਿਆਵੰਸ਼ੀ ਦਾ ਬੱਲਾ
