ਓਲੰਪਿਕ ਤੋਂ ਬਾਹਰ ਹੋਏ ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਣ, ਪਹਿਲੇ ਗੇੜ ’ਚ ਜਾਪਾਨ ਦੇ ਓਕਾਜਾਵਾ ਤੋਂ ਹਾਰੇ
Saturday, Jul 24, 2021 - 06:00 PM (IST)
ਟੋਕੀਓ (ਭਾਸ਼ਾ) : ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਣ (69 ਕਿਲੋਗ੍ਰਾਮ) ਨੂੰ ਸ਼ਨੀਵਾਰ ਨੂੰ ਇੱਥੇ ਓਲੰਪਿਕ ਖੇਡਾਂ ਵਿਚ ਆਪਣੇ ਪਹਿਲੇ ਮੁਕਾਬਲੇ ਵਿਚ ਸਥਾਨਕ ਦਾਅਵੇਦਾਰ ਸੇਵੋਨਰੇਟਸ ਕਵਿਨਸੀ ਮੇਨਸਾਹ ਓਕਾਜਾਵਾ ਖ਼ਿਲਾਫ਼ 0-5 ਦੀ ਇਕਪਾਸੜ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਇਨ੍ਹਾਂ ਖੇਡਾਂ ਵਿਚ ਦੇਸ਼ ਦੀ 9 ਮੈਂਬਰੀ ਟੀਮ ਦੀ ਸ਼ੁਰੂਆਰਤ ਨਿਰਾਸ਼ਾਜਨਕ ਰਹੀ।
ਇਸ ਮੁਕਾਬਲੇ ਦੌਰਾਨ 29 ਸਾਲ ਦੇ ਵਿਕਾਸ ਦੀ ਅੱਖ ਦੇ ਕੋਲੋਂ ਖ਼ੂਨ ਵੀ ਵਗਣ ਲੱਗਾ। ਉਨ੍ਹਾਂ ਦੀ ਖੱਬੀ ਅੱਖ ਦੇ ਹੇਠਾਂ ਕੱਟ ਲੱਗਾ। ਟੀਮ ਸੂਤਰਾਂ ਦਾ ਹਾਲਾਂਕਿ ਕਹਿਣਾ ਹੈ ਕਿ ਵਿਕਾਸ ਮੋਢੇ ’ਤੇ ਸੱਟ ਦੇ ਬਾਵਜੂਦ ਮੁਕਾਬਲੇ ਵਿਚ ਉਤਰੇ। ਵਿਕਾਸ ਸ਼ਨੀਵਾਰ ਨੂੰ ਚੁਣੌਤੀ ਪੇਸ਼ ਕਰਨ ਵਾਲੇ ਇਕਮਾਤਰ ਮੁੱਕੇਬਾਜ਼ ਸਨ। ਜਾਪਾਨ ਦੇ ਓਕਾਜਾਵਾ ਨੇ ਸ਼ੁਰੂਆਤ ਤੋਂ ਅੰਤ ਤੱਕ ਮੁਕਾਬਲੇ ਵਿਚ ਦਬਦਬਾ ਬਣਾਈ ਰੱਖਿਆ ਅਤੇ ਉਨ੍ਹਾਂ ਨੂੰ ਦੋ ਵਾਰ ਦੇ ਓਲੰਪੀਅਨ ਭਾਰਤੀ ਮੁੱਕੇਬਾਜ਼ ਖ਼ਿਲਾਫ਼ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਪਹਿਲਾ ਤਮਗਾ
ਘਾਨਾ ਮੂਲ ਦੇ 25 ਸਾਲਾ ਮੁੱਕੇਬਾਜ਼ ਓਕਾਜਾਵਾ 2019 ਏਸ਼ੀਆਈ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਹਨ ਅਤੇ ਉਨ੍ਹਾਂ ਨੇ ਉਸੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਲਡ ਵਿਚ ਜਗ੍ਹਾ ਬਣਾਈ ਸੀ। ਓਕਾਜਾਵਾ ਰਾਊਂਡ ਆਫ 16 ਵਿਚ ਤੀਜਾ ਦਰਜਾ ਪ੍ਰਾਪਤ ਕਿਊਬਾ ਦੇ ਰੋਨੀਅਲ ਇਗਲੇਸੀਆਸ ਨਾਲ ਭਿੜਨਗੇ। ਇਗਲੇਸੀਆਸ 2012 ਓਲੰਪਿਕ ਦੇ ਗੋਲਡ ਮੈਡਲ ਜੇਤੂ ਅਤੇ ਸਾਬਕਾ ਵਿਸ਼ਵ ਚੈਂਪੀਅਨ ਵੀ ਹਨ। ਐਤਵਾਰ ਨੂੰ 6 ਵਾਰ ਦੀ ਵਿਸ਼ਵ ਚੈਂਪੀਅਨ ਐਮ.ਸੀ. ਮੈਰੀਕੋਮ (51 ਕਿਲੋਗ੍ਰਾਮ) ਅਤੇ ਰਾਸ਼ਟਰਮੰਡਲ ਖੇਡਾਂ ਦੇ ਸਿਲਵਰ ਮੈਡਲ ਜੇਤੂ ਮਨੀਸ਼ ਕੌਸ਼ਿਕ ਪਹਿਲੇ ਗੇੜ ਦੇ ਆਪਣੇ ਮੁਕਾਬਲੇ ਖੇਡਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।