ਵਿਆਹ ਦੇ ਜਸ਼ਨ 'ਚੋਂ ਸਿੱਧਾ 'ਕੋਰਟ' 'ਚ! 45 ਸਾਲਾ ਵੀਨਸ ਵਿਲੀਅਮਜ਼ ਰਚੇਗੀ ਇਤਿਹਾਸ

Friday, Jan 02, 2026 - 04:59 PM (IST)

ਵਿਆਹ ਦੇ ਜਸ਼ਨ 'ਚੋਂ ਸਿੱਧਾ 'ਕੋਰਟ' 'ਚ! 45 ਸਾਲਾ ਵੀਨਸ ਵਿਲੀਅਮਜ਼ ਰਚੇਗੀ ਇਤਿਹਾਸ

ਸਪੋਰਟਸ ਡੈਸਕ- ਅਮਰੀਕੀ ਟੈਨਿਸ ਦਿੱਗਜ ਵੀਨਸ ਵਿਲੀਅਮਜ਼ ਇੱਕ ਵਾਰ ਫਿਰ ਖੇਡ ਜਗਤ ਵਿੱਚ ਨਵਾਂ ਇਤਿਹਾਸ ਸਿਰਜਣ ਲਈ ਤਿਆਰ ਹੈ। 45 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਸਟ੍ਰੇਲੀਅਨ ਓਪਨ ਲਈ ਵਾਈਲਡਕਾਰਡ ਹਾਸਲ ਕਰ ਲਿਆ ਹੈ ਅਤੇ ਉਹ ਇਸ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੇ ਮੁੱਖ ਡਰਾਅ ਵਿੱਚ ਖੇਡਣ ਵਾਲੀ ਸਭ ਤੋਂ ਉਮਰਦਰਾਜ਼ ਮਹਿਲਾ ਖਿਡਾਰਨ ਬਣਨ ਦਾ ਰਿਕਾਰਡ ਬਣਾਏਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਜਾਪਾਨ ਦੀ ਕਿਮੀਕੋ ਡੇਟ ਦੇ ਨਾਮ ਸੀ, ਜਿਸ ਨੇ 2015 ਵਿੱਚ 44 ਸਾਲ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਆਸਟ੍ਰੇਲੀਅਨ ਓਪਨ ਦੀ ਸ਼ੁਰੂਆਤ 18 ਜਨਵਰੀ ਤੋਂ ਹੋ ਰਹੀ ਹੈ।

PunjabKesari

ਵੀਨਸ ਦੀ ਇਹ ਵਾਪਸੀ ਕਾਫੀ ਸੰਘਰਸ਼ਪੂਰਨ ਰਹੀ ਹੈ। ਉਨ੍ਹਾਂ ਨੇ ਸਿਹਤ ਸਮੱਸਿਆਵਾਂ ਕਾਰਨ 2021 ਤੋਂ ਬਾਅਦ ਮੈਲਬੌਰਨ ਵਿੱਚ ਨਹੀਂ ਖੇਡਿਆ ਸੀ। ਉਨ੍ਹਾਂ ਨੇ 'ਯੂਟੇਰਾਈਨ ਫਾਈਬਰੋਇਡਜ਼' ਦੀ ਸਰਜਰੀ ਕਰਵਾਈ ਸੀ, ਜਿਸ ਤੋਂ ਲਗਭਗ ਇੱਕ ਸਾਲ ਬਾਅਦ ਉਨ੍ਹਾਂ ਨੇ ਪਿਛਲੇ ਸਾਲ ਜੁਲਾਈ ਵਿੱਚ WTA ਟੂਰ 'ਤੇ ਵਾਪਸੀ ਕੀਤੀ। ਪਿਛਲੇ ਸਾਲ ਯੂ.ਐੱਸ. ਓਪਨ ਵਿੱਚ ਉਨ੍ਹਾਂ  11ਵੀਂ ਦਰਜਾ ਪ੍ਰਾਪਤ ਕਰੌਲੀਨਾ ਮੁਚੋਵਾ ਨੂੰ ਸਖ਼ਤ ਟੱਕਰ ਦਿੱਤੀ ਸੀ।

PunjabKesari

ਖੇਡ ਤੋਂ ਇਲਾਵਾ ਵੀਨਸ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿੱਚ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਡੈਨਿਸ਼ ਮਾਡਲ ਅਤੇ ਅਭਿਨੇਤਾ ਐਂਡਰੀਆ ਪ੍ਰੇਟੀ ਨਾਲ ਵਿਆਹ ਕਰਵਾਇਆ ਹੈ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਪਹਿਲਾਂ ਸਤੰਬਰ ਵਿੱਚ ਇਟਲੀ ਵਿੱਚ ਵਿਆਹ ਕੀਤਾ ਸੀ ਪਰ ਕਾਗਜ਼ੀ ਕਾਰਵਾਈ ਕਾਰਨ ਉਨ੍ਹਾਂ ਨੇ ਦਸੰਬਰ ਵਿੱਚ ਫਲੋਰੀਡਾ ਵਿੱਚ ਦੂਜੀ ਵਾਰ ਅਧਿਕਾਰਤ ਤੌਰ 'ਤੇ ਵਿਆਹ ਰਚਾਇਆ। ਵੀਨਸ ਨੇ ਦੱਸਿਆ ਕਿ ਉਸਦੀ ਭੈਣ ਸੇਰੇਨਾ ਵਿਲੀਅਮਜ਼ ਨੇ ਉਸਨੂੰ ਇੱਕ ਯਾਟ (Yacht) ਤੋਹਫ਼ੇ ਵਜੋਂ ਦਿੱਤੀ, ਜਿਸ 'ਤੇ ਪਰਿਵਾਰ ਅਤੇ ਦੋਸਤਾਂ ਨੇ 6 ਦਿਨਾਂ ਤੱਕ ਜਸ਼ਨ ਮਨਾਇਆ।

PunjabKesari

ਵੀਨਸ ਦਾ ਆਸਟ੍ਰੇਲੀਅਨ ਓਪਨ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਨੇ 1998 ਵਿੱਚ ਆਪਣੀ ਭੈਣ ਸੇਰੇਨਾ ਦੇ ਖ਼ਿਲਾਫ਼ ਹੀ ਇੱਥੇ ਡੈਬਿਊ ਕੀਤਾ ਸੀ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ 31 ਵਾਰ ਸੇਰੇਨਾ ਨਾਲ ਟੈਨਿਸ ਕੋਰਟ ਸਾਂਝਾ ਕੀਤਾ ਅਤੇ ਦੋਵੇਂ ਭੈਣਾਂ 2003 ਤੇ 2017 ਦੇ ਆਸਟ੍ਰੇਲੀਅਨ ਓਪਨ ਫਾਈਨਲ ਵਿੱਚ ਆਹਮੋ-ਸਾਹਮਣੇ ਰਹੀਆਂ ਸਨ, ਜਿਸ ਵਿਚ ਸੇਰੇਨਾ ਜੇਤੂ ਰਹੀ।


author

Rakesh

Content Editor

Related News