ਫ੍ਰੈਂਚ ਓਪਨ ’ਚ ਬੇਲਾਰੂਸ ਦੀ ਸਬਾਲੇਂਕਾ ਨਾਲ ਹੱਥ ਨਾ ਮਿਲਾਉਣ ਲਈ ਯੂਕ੍ਰੇਨ ਦੀ ਕੋਸਤਿਯੁਕ ਦੀ ਹੂਟਿੰਗ
Monday, May 29, 2023 - 05:57 PM (IST)
ਪੈਰਿਸ– ਬੇਲਾਰੂਸ ਦੀ ਏਰਿਨਾ ਸਬਾਲੇਂਕਾ ਨੂੰ ਐਤਵਾਰ ਨੂੰ ਪਹਿਲੇ ਦੌਰ ਦੀ ਜਿੱਤ ਤੋਂ ਬਾਅਦ ਲੱਗਾ ਕਿ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਦਰਸ਼ਕ ਉਸਦੀ ਹੂਟਿੰਗ ਕਰ ਰਹੇ ਹਨ ਤੇ ਮਜ਼ਾਕ ਬਣਾਉਣ ਲਈ ਸੀਟੀਆਂ ਵਜਾ ਰਹੇ ਹਨ ਪਰ ਇਹ ਨਾਂ-ਪੱਖੀ ਪ੍ਰਤੀਕਿਰਿਆ ਉਸਦੀ ਵਿਰੋਧੀ ਯੂਕ੍ਰੇਨ ਦੀ ਮਾਰਟੋ ਕੋਸਤਿਯੁਕ ਲਈ ਸੀ, ਜਿਸ ਨੇ ਹਾਰ ਤੋਂ ਬਾਅਦ ਨੈੱਟ ’ਤੇ ਆਪਣੀ ਵਿਰੋਧੀ ਦੇ ਨਾਲ ਹੱਥ ਨਹੀਂ ਮਿਲਾਇਆ।
ਯੂਕ੍ਰੇਨ ਦੀ ਕੋਸਤਿਯੁਕ ਮੈਚ ਤੋਂ ਬਾਅਦ ਬੇਲਾਰੂਸ ਦੀ ਸਬਾਲੇਂਕਾ ਨਾਲ ਅੱਖਾਂ ਦਾ ਸੰਪਰਕ ਕਰਨ ਤੋਂ ਵੀ ਬਚੀ ਤੇ ਸਿੱਧੇ ਚੇਅਰ ਅੰਪਾਇਰ ਵੱਲ ਚਲੀ ਗਈ। ਇਸ ਦੇ ਵਿਰੁੱਧ ਸਬਾਲੇਂਕਾ ਨੈੱਟ ਵੱਲ ਆ ਗਈ ਸੀ। ਫਰਵਰੀ 2022 ਵਿਚ ਬੇਲਾਰੂਸ ਦੀ ਮਦਦ ਨਾਲ ਰੂਸ ਦੇ ਯੂਕ੍ਰੇਨ ’ਤੇ ਹਮਲਾ ਕਰਨ ਤੋਂ ਬਾਅਦ ਕੋਸਤਿਯੁਕ ਰੂਸ ਜਾਂ ਬੇਲਾਰੂਸ ਦੇ ਖਿਡਾਰੀਆਂ ਵਿਰੁੱਧ ਅਜਿਹਾ ਹੀ ਕਰ ਰਹੀ ਹੈ। ਸਬਾਲੇਂਕਾ ਨੇ ਮਹਿਲਾ ਸਿੰਗਲਜ਼ ਦਾ ਪਹਿਲੇ ਦੌਰ ਦਾ ਇਹ ਮੁਕਾਬਲਾ 6-3, 6-2 ਨਾਲ ਜਿੱਤਿਆ।