ਟੋਕੀਓ ਓਲੰਪਿਕ ਤੋਂ ਇਕ ਹੋਰ ਚੰਗੀ ਖ਼ਬਰ, ਭਾਰਤੀ ਪਹਿਲਵਾਨ ਰਵੀ ਦਹੀਆ ਨੇ ਜਿੱਤਿਆ ਚਾਂਦੀ ਤਮਗਾ

Thursday, Aug 05, 2021 - 05:24 PM (IST)

ਟੋਕੀਓ ਓਲੰਪਿਕ ਤੋਂ ਇਕ ਹੋਰ ਚੰਗੀ ਖ਼ਬਰ, ਭਾਰਤੀ ਪਹਿਲਵਾਨ ਰਵੀ ਦਹੀਆ ਨੇ ਜਿੱਤਿਆ ਚਾਂਦੀ ਤਮਗਾ

ਟੋਕੀਓ : ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਓਲੰਪਿਕ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਰਵੀ ਨੂੰ ਕੁਸ਼ਤੀ ਦੇ 57 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ 2 ਵਾਰ ਦੇ ਵਰਲਡ ਚੈਂਪੀਅਨ ਰੂਸ ਦੇ ਜਾਵੁਰ ਯੁਵੁਏਵ ਤੋਂ ਹਾਰਨ ਦੇ ਬਾਅਦ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਨੂੰ ਰਵੀ ਤੋਂ ਗੋਡਲ ਦੀਆਂ ਕਾਫ਼ੀ ਉਮੀਦਾਂ ਸਨ, ਕਿਉਂਕਿ ਭਾਰਤ ਵੱਲੋਂ ਕਿਸੇ ਵੀ ਖਿਡਾਰੀ ਨੇ 12 ਸਾਲ ਤੋਂ ਸੋਨ ਤਮਗਾ ਨਹੀਂ ਜਿੱਤਿਆ ਸੀ। ਇਸ ਤੋਂ ਪਹਿਲਾਂ ਸ਼ੂਟਿੰਗ ਵਿਚ ਅਭਿਨਵ ਬਿੰਦਰਾ ਨੇ 2008 ਬੀਜਿੰਗ ਓਲੰਪਿਕ ਵਿਚ ਸੋਨ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਕਾਂਸੀ ਤਮਗਾ

ਯੁਵੁਗੇਵ ਨੇ ਆਪਣਾ ਬਿਹਤਰੀਨ ਬਚਾਅ ਕੀਤਾ ਅਤੇ ਅੰਕਾਂ ਦੇ ਆਧਾਰ ’ਤੇ ਇਹ ਮੁਕਾਬਲਾ 7-4 ਨਾਲ ਜਿੱਤਿਆ। ਯੁਵੁਗੇਵ ਨੇ ਸ਼ੁਰੂਆਤੀ ਅੰਕ ਬਣਾਇਆ ਪਰ ਰਵੀ ਨੇ ਜਲਦ ਹੀ ਸਕੋਰ 2-2 ਕਰ ਦਿੱਤਾ। ਰੂਸੀ ਖਿਡਾਰੀ ਨੇ ਫਿਰ ਤੋਂ ਬੜ੍ਹਤ ਹਾਸਲ ਕਰ ਲਈ। ਰਵੀ ਪਹਿਲੇ ਰਾਊਂਡ ਦੇ ਬਾਅਦ 2-4 ਨਾਲ ਪਿੱਛੇ ਸੀ। ਦੂਜੇ ਰਾਊਂਡ ਵਿਚ ਵੀ ਯੁਵੁਗੇਵ ਨੇ ਇਕ ਅੰਕ ਬਣਾ ਕੇ ਆਪਣੀ ਬੜ੍ਹਤ ਮਜ਼ਬੂਤ ਕੀਤੀ। ਰਵੀ ਦੂਜੇ ਰਾਊਂਡ ਵਿਚ ਵੀ ਦੋ ਅੰਕ ਹੀ ਜੁਟਾ ਸਕੇ। ਕੁਸ਼ਤੀ ਵਿਚ ਇਹ ਭਾਰਤ ਦਾ ਦੂਜਾ ਚਾਂਦੀ ਦਾ ਤਮਗਾ ਹੈ। ਇਸ ਤੋਂ ਪਹਿਲਾਂ ਸੁਸ਼ੀਲ ਮੁਕਾਰ ਲੰਡਨ ਓਲੰਪਿਕ 2012 ਦੇ ਫਾਈਨਲ ਵਿਚ ਪਹੁੰਚੇ ਸਨ ਪਰ ਉਨ੍ਹਾਂ ਨੂੰ ਚਾਂਦੀ ਤਮਗੇ ਨਾਲ ਹੀ ਸਬਰ ਕਰਨਾ ਪਿਆ ਸੀ। ਟੋਕੀਓ ਖੇਡਾਂ ਵਿਚ ਭਾਰਤ ਨੇ ਆਪਣਾ ਦੂਜਾ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸ ਤੋਂ ਪਹਿਲਾਂ ਵੇਟਲਿਫਟਰ ਮੀਰਾਬਾਈ ਚਾਨੂ ਨੇ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ਵਿਚ ਦੂਜਾ ਸਥਾਨ ਹਾਸਲ ਕੀਤਾ ਸੀ। 

ਇਹ ਵੀ ਪੜ੍ਹੋ: Tokyo Olympics: ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਕਾਂਸੀ ਤਮਗਾ

ਭਾਰਤ ਨੂੰ ਕੁਸ਼ਤੀ ’ਚ ਤਮਗਾ ਦਿਵਾਉਣ ਵਾਲੇ ਪਹਿਲੇ ਪਹਿਲਵਾਨ ਖ਼ਸ਼ਾਬਾ ਜਾਧਵ ਸਨ। ਉਨ੍ਹਾਂ ਨੇ ਹੇਲਸਿੰਕੀ ਓਲੰਪਿਕ 1952 ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਸ ਦੇ ਬਾਅਦ ਸੁਸ਼ੀਲ ਨੇ ਬੀਜਿੰਗ ਵਿਚ ਕਾਂਸੀ ਅਤੇ ਲੰਡਨ ਵਿਚ ਚਾਂਦੀ ਤਮਗਾ ਹਾਸਲ ਕੀਤਾ। ਸੁਸ਼ੀਲ ਓਲੰਪਿਕ ਵਿਚ 2 ਵਿਅਕਤੀਗਤ ਮੁਕਾਬਲਿਆਂ ਦੇ ਤਮਗਾ ਜਿੱਤਣ ਵਾਲੇ ਇਕੱਲੇ ਭਾਰਤੀ ਸਨ ਅਤੇ ਹੁਣ ਬੈਡਮਿੰਟਨ ਖਿਡਾਰਣ ਪੀਵੀ ਸਿੰਧੂ ਨੇ ਇੱਥੇ ਕਾਂਸੀ ਜਿੱਤ ਕੇ ਇਸ ਦੀ ਬਰਾਬਰੀ ਕੀਤੀ। ਲੰਡਨ ਓਲੰਪਿਕ ਵਿਚ ਯੋਗੇਸ਼ਵਰ ਦੱਤ ਨੇ ਵੀ ਕਾਂਸੀ ਤਮਗਾ ਜਿੱਤਿਆ ਸੀ। ਉਥੇ ਹੀ ਸਾਕਸ਼ੀ ਮਲਿਕ ਨੇ ਰਿਓ ਓਲੰਪਿਕ 2016 ਵਿਚ ਕਾਂਸੀ ਤਮਗਾ ਹਾਸਲ ਕੀਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News