ਟਾਈਟਲਡ ਟਿਊਜ਼ਡੇ : ਅਰਜੁਨ ਇਰੀਗੈਸੀ ਨੇ ਜਿੱਤਿਆ ਪਹਿਲਾ ਖਿਤਾਬ
Thursday, Jul 09, 2026 - 04:17 PM (IST)
ਨਵੀਂ ਦਿੱਲੀ- ਭਾਰਤ ਦੇ ਟਾਪ ਗ੍ਰੈਂਡਮਾਸਟਰ ਅਰਜੁਨ ਇਰੀਗੈਸੀ ਨੇ ਆਨਲਾਈਨ ਸ਼ਤਰੰਜ ਦੇ ਸਭ ਤੋਂ ਵਣਜਵਾਨ ਟੂਰਨਾਮੈਂਟ ਚੈੱਸ.ਕਾਮ ਟਾਈਟਲਡ ਟਿਊਜ਼ਡੇ ਦੇ 7 ਜੁਲਾਈ ਦੇ ਐਡੀਸ਼ਨ ਦਾ ਖਿਤਾਬ ਸ਼ਾਨਦਾਰ ਅੰਦਾਜ਼ ’ਚ ਆਪਣੇ ਨਾਂ ਕਰ ਲਿਆ ਹੈ। ਅਰਜੁਨ ਨੇ 11 ਰਾਊਂਡਾਂ ’ਚ 9.5 ਅੰਕ ਬਣਾ ਕੇ ਪ੍ਰਤੀਯੋਗਿਤਾ ’ਚ ਇਕਲੌਤਾ ਪਹਿਲਾ ਸਥਾਨ ਹਾਸਲ ਕੀਤਾ ਅਤੇ ਵਰ੍ਹੇ 2026 ’ਚ ਆਪਣਾ ਪਹਿਲਾ ਟਾਈਟਲਡ ਟਿਊਜ਼ਡੇ ਖਿਤਾਬ ਜਿੱਤਣ ’ਚ ਸਫਲਤਾ ਪਾਈ।
ਅਰਜੁਨ ਨੇ ਟੂਰਨਾਮੈਂਟ ਦੀ ਸ਼ੁਰੂਆਤ ਲਗਾਤਾਰ 5 ਜਿੱਤਾਂ ਨਾਲ ਕੀਤੀ ਅਤੇ 6ਵੇਂ ਰਾਊਂਡ ’ਚ ਰੂਸ ਦੇ ਗ੍ਰੈਂਡਮਾਸਟਰ ਆਂਦਰੇ ਐਸੀਪੈਂਕੋ ਵਿਰੁੱਧ ਮੁਸ਼ਕਿਲ ਸਥਿਤੀ ਤੋਂ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ। 7ਵੇਂ ਰਾਊਂਡ ’ਚ ਉਸ ਨੇ ਮਾਤਵੇ ਗਾਲਚੇਂਕੋ ਨੂੰ ਹਰਾ ਕੇ ਲਗਾਤਾਰ 7ਵੀਂ ਜਿੱਤ ਹਾਸਲ ਕੀਤੀ ਅਤੇ ਇਕੱਲਾ ਟਾਪ ’ਤੇ ਪਹੁੰਚ ਗਿਆ।
8ਵੇਂ ਰਾਊਂਡ ’ਚ ਭਾਰਤ ਦੇ ਹੀ ਗ੍ਰੈਂਡਮਾਸਟਰ ਪ੍ਰਣੇਸ਼ ਐੱਮ. ਨੇ ਅਰਜੁਨ ਦੀ ਲਗਾਤਾਰ ਜਿੱਤ ਦਾ ਸਿਲਸਿਲਾ ਰੋਕਦਿਆਂ ਉਸ ਨੂੰ ਟੂਰਨਾਮੈਂਟ ਦੀ ਇਕਲੌਤੀ ਹਾਰ ਦਿੱਤੀ। ਇਸ ਤੋਂ ਬਾਅਦ ਵੀ ਅਰਜੁਨ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ 9ਵੇਂ ਰਾਊਂਡ ’ਚ ਅਮਰੀਕਾ ਦੇ ਸਾਬਕਾ ਵਿਸ਼ਵ ਚੈਂਪੀਅਨ ਚੈਲੰਜਰ ਫੈਬੀਆਨੋ ਕਾਰੂਆਨਾ ਨੂੰ ਹਰਾਇਆ। 10ਵੇਂ ਰਾਊਂਡ ’ਚ ਉਸ ਨੇ ਤਜਰਬੇਕਾਰ ਰੂਸੀ ਗ੍ਰੈਂਡਮਾਸਟਰ ਦਿਮਿਤਰੀ ਆਂਦਰੇਈਕਿਨ ਨੂੰ ਹਰਾ ਕੇ ਫਿਰ ਤੋਂ ਇਕਲੌਤੀ ਬੜ੍ਹਤ ਹਾਸਲ ਕਰ ਲਈ।
ਆਖਰੀ ਰਾਊਂਡ ’ਚ ਅਰਜੁਨ ਦਾ ਸਾਹਮਣਾ ਵਿਸ਼ਵ ਦੇ ਟਾਪ ਬਲਿਟਜ਼ ਖਿਡਾਰੀਆਂ ’ਚ ਸ਼ਾਮਿਲ ਹਿਕਾਰੂ ਨਾਕਾਮੁਰਾ ਨਾਲ ਹੋਇਆ। ਇਹ ਮੁਕਾਬਲਾ ਡਰਾਅ ਰਿਹਾ ਪਰ ਦੂਜੀ ਬਾਜ਼ੀ ’ਚ ਅਲੈਗਜ਼ੈਂਡਰ ਗ੍ਰੀਸਚੁਕ ਦੀ ਹਾਰ ਤੋਂ ਬਾਅਦ ਅਰਜੁਨ ਨੇ 9.5 ਅੰਕਾਂ ਨਾਲ ਸਪੱਸ਼ਟ ਬੜ੍ਹਤ ਬਣਾਈ ਰੱਖੀ ਅਤੇ ਖਿਤਾਬ ਆਪਣੇ ਨਾਂ ਕਰ ਲਿਆ।
