ਕੋਰੋਨਾ ਕਾਰਣ ਥਾਮਸ-ਉਬੇਰ ਕੱਪ ਮੁਲਤਵੀ, ਡੈਨਮਾਰਕ ਮਾਸਟਰਸ ਰੱਦ
Tuesday, Sep 15, 2020 - 08:57 PM (IST)
ਨਵੀਂ ਦਿੱਲੀ– ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਨੇ ਕੋਰੋਨਾ ਮਹਾਮਾਰੀ ਦੇ ਕਾਰਣ ਡੈੱਨਮਾਰਕ ਵਿਚ 3 ਤੋਂ 11 ਅਕਤੂਬਰ ਤਕ ਹੋਣ ਵਾਲੀ ਵੱਕਾਰੀ ਪ੍ਰਤੀਯੋਗਿਤਾ ਥਾਮਸ ਤੇ ਉਬੇਰ ਕੱਪ ਨੂੰ ਮੁਲਤਵੀ ਕਰ ਦਿੱਤਾ ਹੈ ਜਦਕਿ 20 ਤੋਂ 25 ਅਕਤੂਬਰ ਤਕ ਹੋਣ ਵਾਲੇ ਡੈੱਨਮਾਰਕ ਮਾਸਟਰਸ ਨੂੰ ਰੱਦ ਕਰ ਦਿੱਤਾ ਗਿਆ ਹੈ। ਬੀ. ਡਬਲਯੂ. ਐੱਫ. ਨੇ ਮੰਗਲਾਰ ਨੂੰ ਜਾਰੀ ਇਕ ਬਿਆਨ ਵਿਚ ਥਾਮਸ ਤੇ ਉਬੇਰ ਕੱਪ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ। ਟੂਰਨਾਮੈਂਟ ਦਾ ਆਯੋਜਨ ਡੈੱਨਮਾਰਕ ਦੇ ਆਰਹਸ ਵਿਚ ਹੋਣਾ ਸੀ ਪਰ ਕਈ ਦੇਸ਼ਾਂ ਦੇ ਇਸ ਟੂਰਨਾਮੈਂਟ ਵਿਚੋਂ ਹਟਣ ਦੇ ਕਾਰਣ ਬੀ. ਡਬਲਯੂ. ਐੱਫ. ਨੂੰ ਇਸ ਨੂੰ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ।
ਕੋਰੋਨਾ ਦੇ ਕਾਰਣ ਸੁਰੱਖਿਆ ਪ੍ਰਬੰਧ ਦੀਆਂ ਚਿੰਤਾਵਾਂ ਦੇ ਕਾਰਣ ਕਈ ਦੇਸ਼ਾਂ ਨੇ ਟੂਰਨਾਮੈਂਟ ਵਿਚੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਹੁਣ ਤਕ ਇੰਡੋਨੇਸ਼ੀਆ, ਆਸਟਰੇਲੀਆ, ਤਾਈਵਾਨ, ਥਾਈਲੈਂਡ ਤੇ ਦੱਖਣੀ ਕੋਰੀਆ ਨੇ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਸੀ।
ਸਾਬਕਾ ਨੰਬਰ ਇਕ ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਬੀ. ਡਬਲਯੂ. ਐੱਫ. ਦੇ ਫੈਸਲੇ 'ਤੇ ਸਵਾਲ ਚੁੱਕਦੇ ਹੋਏ ਐਤਵਾਰ ਨੂੰ ਟਵੀਟ ਕਰਕੇ ਕਿਹਾ ਸੀ, ''ਮਹਾਮਾਰੀ ਦੇ ਕਾਰਣ ਹੁਣ ਤਕ 7 ਦੇਸ਼ਾਂ ਨੇ ਇਸ ਟੂਰਨਾਮੈਂਟ ਵਿਚੋਂ ਨਾਂ ਵਾਪਸ ਲੈ ਲਿਆ ਹੈ, ਅਜਿਹੇ ਸਮੇਂ ਵਿਚ ਥਾਮਸ ਤੇ ਉਬੇਰ ਕੱਪ ਦਾ ਆਯੋਜਨ ਕਰਨਾ ਕੀ ਸੁਰੱਖਿਅਤ ਹੋਵੇਗਾ।''
ਥਾਮਸ ਤੇ ਉਬੇਰ ਕੱਪ ਦਾ ਆਯੋਜਨ ਇਸ ਸਾਲ ਮਈ ਵਿਚ ਕੀਤਾ ਜਾਣਾ ਸੀ ਪਰ ਕੋਰੋਨਾ ਦੇ ਕਾਰਣ ਇਸ ਨੂੰ ਦੋ ਵਾਰ ਮੁਲਤਵੀ ਕਰ ਦਿੱਤਾ ਗਿਆ ਸੀ। ਬੀ. ਡਬਲਯੂ. ਐੱਫ. ਹੁਣ ਟੂਰਨਾਮੈਂਟ ਲਈ ਨਵੀਂਆਂ ਮਿਤੀਆਂ ਦੀ ਭਾਲ ਕਰੇਗਾ ਪਰ ਨਵੀਂਆਂ ਮਿਤੀਆਂ 2021 ਤੋਂ ਪਹਿਲਾਂ ਸੰਭਵ ਨਹੀਂ ਹੋ ਸਕਣਗੀਆਂ। ਇਸ ਵਿਚਾਲੇ ਓਡੇਂਸੇ ਵਿਚ 13 ਤੋਂ 18 ਅਕਤੂਬਰ ਤਕ ਹੋਣ ਵਾਲਾ ਡੈੱਨਮਾਰਕ ਓਪਨ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਹੋਵੇਗਾ ਜਦਕਿ 20 ਤੋਂ 25 ਅਕਤੂਬਰ ਤਕ ਹੋਣ ਵਾਲੇ ਡੈੱਨਮਾਰਕ ਮਾਸਟਰਸ ਨੂੰ ਰੱਦ ਕਰ ਦਿੱਤਾ ਗਿਆ ਹੈ।