ਆਈ-ਲੀਗ ''ਚ ਇਸ ਵਾਰ ਖਿਤਾਬ ਲਈ 11 ਕਲੱਬਾਂ ''ਚ ਹੋਵੇਗੀ ਟੱਕਰ
Wednesday, Oct 24, 2018 - 04:13 AM (IST)

ਨਵੀਂ ਦਿੱਲੀ— ਆਈ. ਐੱਸ. ਐੱਲ. ਨਾਲ ਜੁੜਨ ਦੀਆਂ ਅਟਕਲਾਂ ਵਿਚਾਲੇ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦੀ 2018-19 ਹੀਰੋ ਆਈ-ਲੀਗ ਦਾ 12ਵਾਂ ਸੈਸ਼ਨ 26 ਅਕਤੂਬਰ ਤੋਂ ਚੇਨਈ ਸਿਟੀ ਤੇ ਇੰਡੀਅਨ ਐਰੋਜ਼ ਵਿਚਾਲੇ ਮੁਕਾਬਲੇ ਨਾਲ ਸ਼ੁਰੂ ਹੋਵੇਗਾ। ਇਸ ਸਾਲ ਜੰਮੂ-ਕਸ਼ਮੀਰ ਦੀ ਟੀਮ 'ਰੀਅਲ ਕਸ਼ਮੀਰ ਐੱਫ. ਸੀ.' ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਆਈ-ਲੀਗ ਲਈ ਕੁਆਲੀਫਾਈ ਕੀਤਾ ਹੈ, ਜਿਸ ਨਾਲ 10 ਰਾਜਾਂ ਦੀਆਂ 11 ਟੀਮਾਂ 10 ਸਥਾਨਾਂ 'ਤੇ ਖਿਤਾਬ ਲਈ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਚੋਟੀ ਦੇ ਭਾਰਤੀ ਤੇ ਕੌਮਾਂਤਰੀ ਫੁੱਟਬਾਲਰ ਆਪੋ-ਆਪਣੀ ਟੀਮ ਨੂੰ ਟਰਾਫੀ ਦਿਵਾਉਣ ਦੀ ਕੋਸ਼ਿਸ਼ ਕਰਨਗੇ।
ਏ. ਆਈ. ਐੱਫ. ਐੱਫ. ਦੀ ਚੋਟੀ ਪੱਧਰ ਦੀ ਸੀਨੀਅਰ ਫੁੱਟਬਾਲ ਲੀਗ ਦਾ 12ਵਾਂ ਸੈਸ਼ਨ ਇਥੇ ਮੰਗਲਵਾਰ ਨੂੰ ਇਕ ਸਮਾਰੋਹ 'ਚ ਲਾਂਚ ਹੋਇਆ, ਜਿਸ 'ਚ 11 ਕਲੱਬਾਂ ਦੇ 22 ਖਿਡਾਰੀ ਮੌਜੂਦ ਸਨ। ਲੀਗ ਦੇ ਚੇਅਰਮੈਨ ਸੁਬਰਤ ਦੱਤਾ, ਏ. ਆਈ. ਐੱਫ. ਐੱਫ. ਦੇ ਜਨਰਲ ਸਕੱਤਰ ਕੁਸ਼ਾਲ ਦਾਸ ਤੇ ਹੀਰੋ ਮੋਟੋਕੋਰਪ ਦੇ ਜੇ. ਨਾਰਾਇਣ ਤੋਂ ਇਲਾਵਾ ਭਾਰਤੀ ਸੀਨੀਅਰ ਟੀਮ ਦੇ ਕੋਚ ਸਟੀਫਨ ਕੋਂਸਟੇਨਟਾਈਨ ਇਸ ਮੌਕੇ 'ਤੇ ਹਾਜ਼ਰ ਸਨ।
ਜੇਤੂ ਟੀਮ ਨੂੰ ਮਿਲੇਗਾ 1 ਕਰੋੜ ਰੁਪਿਆ
ਆਈ-ਲੀਗ ਜੇਤੂ ਟੀਮ ਨੂੰ 1 ਕਰੋੜ ਰੁਪਏ, ਉਪ-ਜੇਤੂ ਨੂੰ 60 ਲੱਖ ਰੁਪਏ ਅਤੇ ਤੀਜੇ ਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 40 ਤੇ 25 ਲੱਖ ਰੁਪਏ ਦਿੱਤੇ ਜਾਣਗੇ।
ਇਹ ਟੀਮਾਂ ਕਰਨਗੀਆਂ ਚੁਣੌਤੀ ਪੇਸ਼
ਮਿਨਰਵਾ ਪੰਜਾਬ, ਐਜਲ ਐੱਫ. ਸੀ., ਨੇਰੋਕਾ ਐੱਫ. ਸੀ., ਸ਼ਿਲੋਂਗ ਲਾਗੋਂ ਐੱਫ. ਸੀ., ਮੋਹਨ ਬਾਗਾਨ, ਈਸਟ ਬੰਗਾਲ, ਗੋਕੁਲਮ ਕੇਰਲਾ ਐੱਫ. ਸੀ., ਚਰਚਿਲ ਬ੍ਰਦਰਜ਼, ਇੰਡੀਅਨ ਐਰੋਜ਼, ਚੇਨਈ ਸਿਟੀ ਤੇ ਰੀਅਲ ਕਸ਼ਮੀਰ ਐੱਫ. ਸੀ.।