ਦੂਜੇ ਟੈਸਟ ’ਚ ਕੁਲਦੀਪ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲ ਸਕਦੈ ਹੈ ਮੌਕਾ

Friday, Aug 21, 2026 - 09:56 AM (IST)

ਦੂਜੇ ਟੈਸਟ ’ਚ ਕੁਲਦੀਪ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲ ਸਕਦੈ ਹੈ ਮੌਕਾ

ਕੋਲੰਬੋ : ਗਾਲ ਸਟੇਡੀਅਮ ’ਚ 5ਵੇਂ ਦਿਨ ਦੀ ਪਿੱਚ ਸਪਿੰਨ ਗੇਂਦਬਾਜ਼ੀ ਲਈ ਚੰਗੀ ਸੀ ਅਤੇ ਕੁਲਦੀਪ ਯਾਦਵ ਇਸ ਦਾ ਫਾਇਦਾ ਚੁੱਕ ਸਕਦਾ ਸੀ ਪਰ ਉਸ ਨੇ 11 ਓਵਰਾਂ ’ਚ 38 ਦੌੜਾਂ ਦੇ ਕੇ ਇਕ ਵੀ ਵਿਕਟ ਨਹੀਂ ਲਈ। ਇਸ ਤੋਂ ਸਾਫ਼ ਦਿਸਿਆ ਕਿ ਭਾਰਤੀ ਕਪਤਾਨ ਸ਼ੁਭਮਨ ਗਿੱਲ ਦੀ ਨਜ਼ਰ ’ਚ ਕੁਲਦੀਪ ਤੀਜਾ ਸਪਿੰਨ ਗੇਂਦਬਾਜ਼ ਸੀ। ਉਸ ਤੋਂ ਪਹਿਲਾਂ ਰਵਿੰਦਰ ਜਡੇਜਾ ਅਤੇ ਮਾਨਵ ਸੁਥਾਰ ਨੇ ਗੇਂਦਬਾਜ਼ੀ ਕੀਤੀ। ਦੋਹਾਂ ਨੇ ਮਿਲ ਕੇ 46.4 ਓਵਰ ਕੀਤੇ ਅਤੇ 14 ਵਿਕਟਾਂ ਲਈਆਂ।
ਕੁਲਦੀਪ ਦੇ ਖਰਾਬ ਪ੍ਰਦਰਸ਼ਨ ਲਈ ਕਪਤਾਨ ਜਾਂ ਟੀਮ ਮੈਨੇਜਮੈਂਟ ਨੂੰ ਦੋਸ਼ ਦੇਣਾ ਆਸਾਨ ਹੈ ਕਿ ਉਨ੍ਹਾਂ ਨੇ ਇਸ ਗੇਂਦਬਾਜ਼ ’ਤੇ ਪੂਰਾ ਭਰੋਸਾ ਨਹੀਂ ਦਿਖਾਇਆ। ਕੁਲਦੀਪ ਨੂੰ ਮਿਲੇ 11 ਓਵਰਾਂ ’ਚ ਵੀ ਉਹ ਅਜਿਹਾ ਪ੍ਰਦਰਸ਼ਨ ਨਹੀਂ ਕਰ ਸਕਿਆ, ਜਿਸ ਨਾਲ ਉਸ ਨੂੰ ਜ਼ਿਆਦਾ ਗੇਂਦਬਾਜ਼ੀ ਦਿੱਤੀ ਜਾਂਦੀ। ਪਹਿਲੀ ਪਾਰੀ ’ਚ ਵੀ ਕੁਲਦੀਪ ਨੂੰ ਆਪਣੀ ਇਕਲੌਤੀ ਵਿਕਟ ਕਮਿੰਦੂ ਮੈਂਡਿਸ ਦੀ ਮਿਲੀ, ਜਿਸ ’ਚ ਸ਼ੁਭਮਨ ਗਿੱਲ ਦੇ ਸ਼ਾਨਦਾਰ ਕੈਚ ਦਾ ਵੱਡਾ ਯੋਗਦਾਨ ਸੀ। ਹੁਣ ਮੰਨਿਆ ਜਾ ਰਿਹਾ ਹੈ ਕਿ ਦੂਜੇ ਟੈਸਟ ’ਚ ਕੁਲਦੀਪ ਦੀ ਜਗ੍ਹਾ ਆਫ਼-ਸਪਿੰਨਰ ਸਾਰਾਂਸ਼ ਜੈਨ ਨੂੰ ਮੌਕਾ ਮਿਲ ਸਕਦਾ ਹੈ। ਸ਼੍ਰੀਲੰਕਾ ਦੀ ਟੀਮ ’ਚ ਕਈ ਖੱਬੇ ਹੱਥ ਦੇ ਬੱਲੇਬਾਜ਼ ਹਨ। ਇਸ ਲਈ ਆਫ਼ ਸਪਿੰਨ ਉਨ੍ਹਾਂ ਵਿਰੁੱਧ ਉਪਯੋਗੀ ਸਾਬਤ ਹੋ ਸਕਦੀ ਹੈ।

ਸਾਬਕਾ ਭਾਰਤੀ ਲੈੱਗ ਸਪਿੰਨਰ ਐੱਲ. ਸ਼ਿਵਰਾਮਕ੍ਰਿਸ਼ਣਨ ਨੇ ਕੁਲਦੀਪ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਟੈਸਟ ਕ੍ਰਿਕਟ ’ਚ ਵਿਕਟ ਲੈਣ ਲਈ ਟੀ-20 ਵਰਗਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਉਸ ਨੇ ਕਿਹਾ, ‘‘ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਚਿੱਟੀ ਗੇਂਦ ਨਾਲ ਉਨ੍ਹਾਂ ਨੂੰ ਵਿਕਟਾਂ ਮਿਲ ਜਾਂਦੀਅਾਂ ਹਨ ਕਿਉਂਕਿ ਬੱਲੇਬਾਜ਼ ਉਨ੍ਹਾਂ ’ਤੇ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸ਼ਾਟ ਖੇਡਦੇ ਹਨ।

ਇੱਥੇ ਟੈਸਟ ’ਚ, ਉਨ੍ਹਾਂ ਨੂੰ ਇਹ ਗੱਲ ਭੁੱਲਣੀ ਪਵੇਗੀ ਪਰ ਜਦੋਂ ਤੁਸੀਂ ਬੱਲੇ ਦੇ ਆਸ-ਪਾਸ 3 ਫੀਲਡਰ ਰੱਖ ਕੇ ਗੇਂਦਬਾਜ਼ੀ ਕਰਦੇ ਹੋ ਅਤੇ ਸ਼ਾਇਦ ਸਿਰਫ਼ ਇਕ ਫਿਲਡਰ ਬਾਊਂਡਰੀ ਬਚਾਉਣ ਲਈ ਹੁੰਦਾ ਹੈ ਤਾਂ ਤੁਹਾਨੂੰ ਅਲੱਗ ਤਰ੍ਹਾਂ ਨਾਲ ਗੇਂਦਬਾਜ਼ੀ ਕਰਨੀ ਪੈਂਦੀ ਹੈ। ਇਸ ਲਈ ਅਸਰਦਾਰ ਹੋਣ ਲਈ ਲਾਈਨ ਅਤੇ ਲੈਂਥ ’ਚ ਨਿਰੰਤਰਤਾ ਟਾਪ ਪੱਧਰ ਦੀ ਹੋਣੀ ਚਾਹੀਦੀ ਹੈ।’’

ਇਕ ਵਿਚਾਰ ਇਹ ਵੀ ਹੈ ਕਿ ਕੁਲਦੀਪ ਨੂੰ ਹਵਾ ’ਚ ਗੇਂਦ ਦੀ ਸਪੀਡ ਥੋੜ੍ਹੀ ਤੇਜ਼ ਰੱਖਣੀ ਚਾਹੀਦੀ ਹੈ ਤਾਂ ਜੋ ਪਿੱਚ ਤੋਂ ਉਸ ਨੂੰ ਜ਼ਿਆਦਾ ਮਦਦ ਮਿਲ ਸਕੇ। ਉਹ ਆਮ ਤੌਰ ’ਤੇ 82-85 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦਾ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰ ਪ੍ਰਦੇਸ਼ ਦੇ ਇਸ ਗੇਂਦਬਾਜ਼ ਨੂੰ ‘ਸਪੀਡੋਮੀਟਰ’ ’ਤੇ ਕੁਝ ਪਾਏਦਾਨ ਉੱਪਰ ਜਾਂਦੇ ਹੋਏ 90 ਕਿਲੋਮੀਟਰ ਪ੍ਰਤੀ ਘੰਟੇ ਦੇ ਆਸ-ਪਾਸ ਪਹੁੰਚਣਾ ਚਾਹੀਦਾ ਹੈ। ਹਾਲਾਂਕਿ ਸ਼ਿਵਰਾਮਕ੍ਰਿਸ਼ਣਨ ਨੇ ਇਸ ਸੋਚ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ।

ਉਸ ਨੇ ਕਿਹਾ, ‘‘ਦੇਖੋ, ਅਜੇ ਕੀ ਹੁੰਦਾ ਹੈ ਕਿ ਜਦੋਂ ਤੇਜ਼ ਗੇਂਦਬਾਜ਼ਾਂ ਦੀਆਂ ਗੇਂਦਾਂ ’ਤੇ ਦੌੜਾਂ ਬਣਦੀਆਂ ਹਨ ਤਾਂ ਉਹ ਤੁਰੰਤ ਆਪਣੀਆਂ ਗੇਂਦਾਂ ਦੀ ਸਪੀਡ ਘੱਟ ਕਰ ਦਿੰਦੇ ਹਨ। ਇਸੇ ਤਰ੍ਹਾਂ, ਜਦੋਂ ਸਪਿੰਨਰ ਦੌੜਾਂ ਲੁਟਾਉਂਦੇ ਹਨ ਤਾਂ ਉਹ ਹੁਣ ਗੇਂਦ ਦੀ ਗਤੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਮੈਂ ਕਹਿ ਰਿਹਾ ਹਾਂ ਕਿ ਇਸ ਸਮੇਂ ਕੁਲਦੀਪ ਨੂੰ ਤੇਜ਼ ਗੇਂਦਬਾਜ਼ੀ ਕਰਨ ਦੀ ਸਲਾਹ ਮਿਲਣਾ ਉਸ ਲਈ ਸਭ ਤੋਂ ਖਰਾਬ ਸਲਾਹ ਹੈ।’’


author

SATPAL

Content Editor

Related News