ਇਹ ਇਕ ਸ਼ਾਨਦਾਰ ਜਿੱਤ, ਇਸ ਦਾ ਸਿਹਰਾ ਪਰਾਗ ਨੂੰ ਜਾਂਦਾ ਹੈ : ਸੰਜੂ ਸੈਮਸਨ
Wednesday, Apr 27, 2022 - 11:30 AM (IST)

ਪੁਣੇ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ 'ਚ 29 ਦੌੜਾਂ ਨਾਲ ਮਿਲੀ ਜਿੱਤ ਦਾ ਸਿਹਰਾ ਰੀਆਨ ਪਰਾਗ ਨੂੰ ਦਿੰਦੇ ਹੋਏ ਮੰਗਲਵਾਰ ਨੂੰ ਇੱਥੇ ਕਿਹਾ ਕਿ ਟੀਮ ਦੀ ਜਿਸ ਤਰ੍ਹਾਂ ਨਾਲ ਸ਼ੁਰੂਆਤ ਰਹੀ ਸੀ ਉਸ ਨੂੰ ਦੇਖਦੇ ਹੋਏ ਇਹ ਸ਼ਾਨਦਾਰ ਜਿੱਤ ਹੈ।
ਰਾਜਸਥਾਨ ਨੇ ਖ਼ਰਾਬ ਸ਼ੁਰੂਆਤ ਤੋਂ ਉੱਭਰ ਕੇ ਰੀਆਨ ਪਰਾਗ ਦੀ ਅਜੇਤੂ 56 ਦੌੜਾਂ ਦੀ ਮਦਦ ਨਾਲ ਅੱਠ ਵਿਕਟਾਂ 'ਤੇ 144 ਦੌੜਾਂ ਬਣਾਈਆਂ ਤੇ ਇਸ ਤੋਂ ਬਾਅਦ ਆਰ. ਸੀ. ਬੀ. ਨੂੰ 19.3 ਓਵਰ 'ਚ 115 ਦੌੜਾਂ 'ਤੇ ਆਊਟ ਕਰ ਦਿੱਤਾ। ਤੇਜ਼ ਗੇਂਦਬਾਜ਼ ਕੁਲਦੀਪ ਸੇਨ ਨੇ 20 ਦੌੜਾਂ ਦੇ ਕੇ ਚਾਰ ਤੇ ਤਜਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਸੈਮਸਨ ਨੇ ਮੈਚ ਦੇ ਬਾਅਦ ਕਿਹਾ ਕਿ ਸ਼ੁਰੂਆਤ ਨੂੰ ਦੇਖਦੇ ਹੋਏ ਇਹ ਅਸਲ 'ਚ ਸ਼ਾਨਦਾਰ ਜਿੱਤ ਹੈ। 15 ਓਵਰ ਦੇ ਬਾਅਦ ਸਥਿਤੀ ਚੰਗੀ ਨਹੀਂ ਦਿਸ ਰਹੀ ਸੀ ਪਰ ਪੂਰਾ ਸਿਹਰਾ ਰੀਆਨ ਪਰਾਗ ਨੂੰ ਜਾਂਦਾ ਹੈ। ਅਸੀਂ ਉਸ ਦਾ ਸਮਰਥਨ ਕਰਦੇ ਰਹੇ ਤੇ ਉਸ ਨੇ ਦੁਨੀਆ ਨੂੰ ਦਿਖਾਇਆ ਕਿ ਉਹ ਕਿੰਨਾ ਧਮਾਕੇਦਾਰ ਬੱਲੇਬਾਜ਼ ਹੈ।