ਹਾਕੀ ਇੰਡੀਆ ਲੀਗ ਲਈ ਲੱਗੇਗਾ 550 ਸਿਤਾਰਿਆਂ ’ਤੇ ਦਾਅ

Sunday, Oct 13, 2024 - 01:34 PM (IST)

ਨਵੀਂ ਦਿੱਲੀ– ਰਾਓਰਕੇਲਾ ਵਿਚ ਇਸ ਸਾਲ ਦੇ ਅੰਤ ਵਿਚ ਸ਼ੁਰੂ ਹੋਣ ਵਾਲੀ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਲਈ 8 ਫ੍ਰੈਂਚਾਈਜ਼ੀ ਟੀਮਾਂ ਐਤਵਾਰ ਨੂੰ ਇੱਥੇ 400 ਘਰੇਲੂ ਤੇ 150 ਤੋਂ ਵੱਧ ਵਿਦੇਸ਼ੀ ਪੁਰਸ਼ ਖਿਡਾਰੀਆਂ ’ਤੇ ਬੋਲੀ ਲਗਾਉਣਗੀਆਂ। ਹਰੇਕ ਟੀਮ ਕੋਲ ਖਿਡਾਰੀਆਂ ਨੂੰ ਚੁਣਨ ਲਈ 4 ਕਰੋੜ ਰੁਪਏ ਦਾ ਪਰਸ ਹੋਵੇਗਾ, ਜਿਨ੍ਹਾਂ ਨੂੰ ਅਗਲੇ ਦੋ ਦਿਨਾਂ ਵਿਚ 3 ਬੇਸ ਪ੍ਰਾਈਸ ਲੈਬ ਦੇ ਤਹਿਤ 2 ਲੱਖ, 5 ਲੱਖ ਤੇ 10 ਲੱਖ ਰੁਪਏ ਵਿਚ ਵੰਡਿਆ ਗਿਆ ਹੈ।

ਨਿਲਾਮੀ ਵਿਚ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਜੁਗਰਾਜ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਗੁਰਜੰਟ ਸਿੰਘ, ਅਭਿਸ਼ੇਕ, ਕ੍ਰਿਸ਼ਣ ਬੀ. ਪਾਠਕ, ਸੁਮਿਤ, ਵਿਵੇਕ ਸਾਗਰ ਪ੍ਰਸਾਦ, ਸ਼ਮਸ਼ੇਰ ਸਿੰਘ, ਰਾਜ ਕੁਮਾਰ ਪਾਲ, ਨੀਲਕੰਠ ਸ਼ਰਮਾ ਵਰਗੇ ਸਿਤਾਰੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਰੁਪਿੰਦਰਪਾਲ ਸਿੰਘ, ਬਰਿੰਦਰ ਲਾਕਾੜਾ ਤੇ ਧਰਮਵੀਰ ਸਿੰਘ ਵਰਗੇ ਸਾਬਕਾ ਭਾਰਤੀ ਹਾਕੀ ਧਾਕੜਾਂ ਨੇ ਵੀ ਖੁਦ ਨੂੰ ਨਿਲਾਮੀ ਲਈ ਸ਼ਾਮਲ ਕੀਤਾ ਹੈ।

ਉੱਥੇ ਹੀ, 8 ਟੀਮਾਂ ਕੌਮਾਂਤਰੀ ਹਾਕੀ ਆਈਕਨ ਆਰਥਰ ਵਾਨ ਡੋਰੇਨ, ਅਲੈਗਜ਼ੈਂਡਰ ਹੈਂਡ੍ਰਿਕਸ, ਗੋਂਜਾਲੋ ਪੇਇਲਾਟ, ਜਿਪ ਜਾਨਸੇਨ, ਥਿਏਰੀ ਬ੍ਰਿੰਕਮੈਨ, ਦਯਾਨ ਕੈਮਸੀਮ, ਟਾਮ ਵਿਕਮ, ਜੀਨ ਪਾਲ ਡੈਨਬਰਗ, ਪਿਰਮਿਨ ਬਲੈਕ, ਡੋਰਿਟ ਕਰੂਨ ਤੇ ਮੈਟ ਗ੍ਰੈਮਬੁਸ਼ ’ਤੇ ਵੀ ਬੋਲੀ ਲਗਾਈ ਜਾਵੇਗੀ।

ਦਿੱਲੀ ਦੀ ਐੱਸ. ਜੀ. ਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਮਾਲਕਾਨਾ ਹੱਕ ਵਾਲੀ ਟੀਮ ਦਾ ਨਵਾਂ ਨਾਂ ਐੱਸ. ਜੀ. ਪਾਈਪਰਸ ਰੱਖਿਆ ਗਿਆ ਹੈ। ਐੱਸ. ਜੀ. ਸਪੋਰਟਸ ਪਾਈਵੇਟ ਲਿਮ. ਦੇ ਸੀ. ਈ. ਓ. ਮਹੇਸ਼ ਭੂਪਤੀ, ਹਾਕੀ ਨਿਰਦੇਸ਼ਕ ਪੀ. ਆਰ. ਸ਼੍ਰੀਜੇਸ਼, ਮੁੱਖ ਕੋਚ ਗ੍ਰਾਹਮ ਰੀਡ ਤੇ ਸਹਾਇਕ ਕੋਚ ਸ਼ਿਵੇਂਦ੍ਰ ਸਿੰਘ ਦੇ ਨਾਲ ਨਿਲਾਮੀ ਵਿਚ ਟੀਮ ਦੀ ਅਗਵਾਈ ਕਰਨਗੇ, ਉੱਥੇ ਹੀ, ਐੱਮ. ਡੀ ਸੀ. ਪ੍ਰਾਪਰਟੀ ਡਿਵੈੱਲਪਰਮੈਂਟ ਪ੍ਰਾਈਵੇਟ ਲਿਮ. ਦੇ ਮਾਲਕਾਨਾ ਹੱਕ ਵਾਲੀ ਤਾਮਿਨਲਨਾਡੂ ਦੀ ਟੀਮ ਨੂੰ ਤਾਮਿਲਨਾਡੂ ਡ੍ਰੈਗਨਜ਼ ਕਿਹਾ ਜਾਵੇਗਾ।

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਕਿਹਾ, ‘‘ਕੱਲ ਸੀਟਾਂ ਦੀ ਨਿਲਾਮੀ ਲਈ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਅਗਲੇ ਕੁਝ ਦਿਨਾਂ ਵਿਚ ਵੱਡੀ ਗਿਣਤੀ ਵਿਚ ਖਿਡਾਰੀਆਂ ਦੀ ਨਿਲਾਮੀ ਹੋਣ ਵਾਲੀ ਹੈ ਤੇ ਮੈਂ ਉਨ੍ਹਾਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਜਿਨ੍ਹਾਂ ਨੇ ਨਿਲਾਮੀ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਸਾਨੂੰ ਉਮੀਦ ਹੈ ਕਿ ਅਗਲੇ ਤਿੰਨ ਦਿਨਾਂ ਵਿਚ ਕੁਝ ਮਜ਼ਬੂਤ ਟੀਮਾਂ ਗਠਿਤ ਹੋਣਗੀਆਂ।’’

ਹਰੇਕ ਟੀਮ ਵਿਚ 24 ਖਿਡਾਰੀ ਸ਼ਾਮਲ ਹੋਣਗੇ, ਜਿਨ੍ਹਾਂ ਵਿਚ 16 ਭਾਰਤੀ ਖਿਡਾਰੀ (ਚਾਰ ਜੂਨੀਅਰ ਖਿਡਾਰੀਆਂ ਨੂੰ ਜ਼ਰੂਰੀ ਰੂਪ ਨਾਲ ਸ਼ਾਮਲ ਕਰਨਾ) ਤੇ 8 ਵਿਦੇਸ਼ੀ ਖਿਡਾਰੀ ਸ਼ਾਮਲ ਹੋਣਗੇ। ਪੁਰਸ਼ਾਂ ਦੀ ਨਿਲਾਮੀ 13 ਅਕਤੂਬਰ ਨੂੰ ਦੁਪਹਿਰ ਢਾਈ ਵਜੇ ਤੇ 14 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ ਜਦਕਿ ਮਹਿਲਾਵਾਂ ਦੀ ਨਿਲਾਮੀ ਪ੍ਰਕਿਰਿਆ 15 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ।


Tarsem Singh

Content Editor

Related News