ਪਿਛਲੇ 4 ਮਹੀਨਿਆਂ ’ਚ ਕਈ ਉਤਾਰ-ਚੜ੍ਹਾਅ ਆਏ ਪਰ ਮੇਰਾ ਆਤਮਵਿਸ਼ਵਾਸ ਬਰਕਰਾਰ ਹੈ : ਸੂਰਯਵੰਸ਼ੀ

Thursday, Jul 23, 2026 - 10:52 AM (IST)

ਪਿਛਲੇ 4 ਮਹੀਨਿਆਂ ’ਚ ਕਈ ਉਤਾਰ-ਚੜ੍ਹਾਅ ਆਏ ਪਰ ਮੇਰਾ ਆਤਮਵਿਸ਼ਵਾਸ ਬਰਕਰਾਰ ਹੈ : ਸੂਰਯਵੰਸ਼ੀ

ਸਪੋਰਟਸ ਡੈਸਕ- ਭਾਰਤ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਯਵੰਸ਼ੀ ਨੇ ਸਵੀਕਾਰ ਕੀਤਾ ਕਿ ਪਿਛਲੇ 4 ਮਹੀਨਿਆਂ ’ਚ ਉਸ ਦੇ ਕਰੀਅਰ ’ਚ ਕਈ ਉਤਾਰ-ਚੜ੍ਹਾਅ ਆਏ ਹਨ ਪਰ ਜ਼ਿੰਬਾਬਵੇ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋ ਰਹੀ ਟੀ-20 ਅੰਤਰਰਾਸ਼ਟਰੀ ਲੜੀ ਤੋਂ ਪਹਿਲਾਂ ਉਸ ਦਾ ਆਤਮਵਿਸ਼ਵਾਸ ਪੂਰੀ ਤਰ੍ਹਾਂ ਕਾਇਮ ਹੈ।

ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ 15 ਸਾਲਾ ਸੂਰਯਵੰਸ਼ੀ ਨੂੰ ਭਾਰਤ ਦੇ ਆਇਰਲੈਂਡ ਤੇ ਇੰਗਲੈਂਡ ਟੀ-20 ਦੌਰੇ ’ਚ ਸ਼ਾਮਲ ਕੀਤਾ ਗਿਆ। ਹਾਲਾਂਕਿ ਬੇਲਫਾਸਟ ’ਚ ਆਇਰਲੈਂਡ ਵਿਰੁੱਧ 2 ਮੈਚਾਂ ਦੀ ਲੜੀ ’ਚ ਉਸ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਇੰਗਲੈਂਡ ਵਿਰੁੱਧ ਮਾਨਚੈਸਟਰ ’ਚ ਦੂਜੇ ਟੀ-20 ਮੈਚ ’ਚ ਉਨ੍ਹਾਂ ਨੇ ਅੰਤਰਰਾਸ਼ਟਰੀ ਡੈਬਿਊ ਕੀਤਾ। ਇਸ ਦੇ ਨਾਲ ਹੀ ਉਹ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਦੇ ਹੋਏ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਅੰਤਰਰਾਸ਼ਟਰੀ ਕ੍ਰਿਕਟਰ ਬਣ ਗਏ।

ਸੂਰਯਵੰਸ਼ੀ ਨੇ ਅਗਲੇ ਤਿੰਨ ਮੁਕਾਬਲੇ ਖੇਡੇ ਪਰ ਵੱਡੀਆਂ ਪਾਰੀਆਂ ਨਹੀਂ ਖੇਡ ਸਕਿਆ। ਇਸ ਤੋਂ ਬਾਅਦ ਸੰਜੂ ਸੈਮਸਨ ਦੀ ਟੀਮ ’ਚ ਵਾਪਸੀ ਹੋਣ ’ਤੇ ਉਸ ਨੂੰ 5ਵੇਂ ਤੇ ਆਖਰੀ ਟੀ-20 ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ। ਭਾਰਤ ਇਹ ਲੜੀ 0-4 ਨਾਲ ਹਾਰ ਗਿਆ। ਉਸ ਨੂੰ ਆਖਰੀ ਮੈਚ ਤੋਂ ਬਾਹਰ ਕੀਤੇ ਜਾਣ ਦੇ ਫੈਸਲੇ ਦੀ ਕਈ ਪੁਰਾਣੇ ਕ੍ਰਿਕਟਰਾਂ ਨੇ ਆਲੋਚਨਾ ਕੀਤੀ ਤੇ ਸਵਾਲ ਚੁੱਕਿਆ ਸੀ ਕਿ ਸਿਰਫ 3 ਪਾਰੀਆਂ ਤੋਂ ਬਾਅਦ ਨੌਜਵਾਨ ਬੱਲੇਬਾਜ਼ ਨੂੰ ਬਾਹਰ ਕਰਨਾ ਸਹੀ ਨਹੀਂ ਸੀ।

ਸੂਰਯਵੰਸ਼ੀ ਨੇ ਕਿਹਾ, ‘‘ਹਾਂ, ਪਿਛਲੇ ਚਾਰ ਮਹੀਨਿਆਂ ’ਚ ਕਈ ਉਤਾਰ-ਚੜ੍ਹਾਅ ਆਏ ਹਨ। ਇਹ ਕ੍ਰਿਕਟ ਦਾ ਹਿੱਸਾ ਹੈ ਤੇ ਅਜਿਹਾ ਅੱਗੇ ਵੀ ਹੁੰਦਾ ਰਹੇਗਾ ਪਰ ਮੈਨੂੰ ਆਪਣੀ ਪ੍ਰਕਿਰਿਆ ’ਚ ਭਰੋਸਾ ਰੱਖਣਾ ਹੈ ਤੇ ਟੀਮ ਲਈ ਆਪਣਾ 100 ਫੀਸਦੀ ਦੇਣਾ ਹੈ।’’


author

Tarsem Singh

Content Editor

Related News