ਸ਼ਰਮਨਾਕ ਘਟਨਾ ! ਖਿਡਾਰੀਆਂ ਨੇ ਛੇੜ'ਤੀ ਕੁੜੀ, ਲੱਗੇ ਗੰਭੀਰ ਇਲਜ਼ਾਮ
Thursday, Jan 29, 2026 - 12:03 PM (IST)
ਨਵੀਂ ਦਿੱਲੀ : ਦਿੱਲੀ ਕ੍ਰਿਕਟ ਜਗਤ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅੰਡਰ-19 ਟੀਮ ਦੇ ਦੋ ਖਿਡਾਰੀਆਂ 'ਤੇ ਪੁਡੂਚੇਰੀ ਵਿੱਚ ਇੱਕ 15 ਸਾਲਾ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਗੰਭੀਰ ਦੋਸ਼ ਲੱਗੇ। ਇਹ ਖਿਡਾਰੀ ਇਸ ਸਮੇਂ ਦਿੱਲੀ ਦੀ ਅੰਡਰ-19 ਟੀਮ ਵੱਲੋਂ ਮੈਚ ਖੇਡਣ ਲਈ ਪੁਡੂਚੇਰੀ ਵਿੱਚ ਹਨ। ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (DDCA) ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਐਕਸ਼ਨ ਲਿਆ ਅਤੇ ਦੋਵਾਂ ਖਿਡਾਰੀਆਂ ਨੂੰ ਟੀਮ ਦੇ ਹੋਟਲ ਤੋਂ ਹਟਾ ਕੇ ਦੂਜੇ ਹੋਟਲ ਵਿੱਚ ਸ਼ਿਫਟ ਕਰ ਦਿੱਤਾ ਹੈ। ਸੰਘ ਦੇ ਸੂਤਰਾਂ ਅਨੁਸਾਰ ਅਜਿਹੀਆਂ ਘਟਨਾਵਾਂ ਨਾਲ ਖੇਡ ਦੀ ਗਰਿਮਾ ਨੂੰ ਵੱਡੀ ਠੇਸ ਪਹੁੰਚਦੀ ਹੈ ਅਤੇ ਇਸ ਮਾਮਲੇ ਦੀ ਅਧਿਕਾਰਤ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ, ਡੀਡੀਸੀਏ ਦੇ ਸਹਿ-ਸਕੱਤਰ ਅਮਿਤ ਗਰੋਵਰ ਨੇ ਇਨ੍ਹਾਂ ਦੋਸ਼ਾਂ 'ਤੇ ਵੱਖਰੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਅਨੁਸਾਰ, ਨਾਬਾਲਗ ਨਾਲ ਛੇੜਛਾੜ ਵਰਗੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਨੁਸ਼ਾਸਨਹੀਣਤਾ ਦਾ ਮਾਮਲਾ ਹੈ, ਜਿੱਥੇ ਦੋਵੇਂ ਖਿਡਾਰੀ ਹੋਟਲ ਵਿੱਚ ਬਹੁਤ ਉੱਚੀ ਆਵਾਜ਼ ਵਿੱਚ ਗਾਣੇ ਸੁਣ ਰਹੇ ਸਨ, ਜਿਸ ਦਾ ਹੋਟਲ ਦੇ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਸੀ। ਭਾਵੇਂ ਸਹਿ-ਸਕੱਤਰ ਨੇ ਛੇੜਛਾੜ ਤੋਂ ਇਨਕਾਰ ਕੀਤਾ ਹੈ, ਪਰ ਰਿਪੋਰਟਾਂ ਅਨੁਸਾਰ ਡੀਡੀਸੀਏ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਦਿੱਲੀ ਦੀਆਂ ਟੀਮਾਂ ਲਈ ਇਹ ਘਟਨਾ ਇੱਕ ਹੋਰ ਵੱਡਾ ਝਟਕਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਹਰ ਪੱਧਰ 'ਤੇ ਟੀਮ ਦੇ ਪ੍ਰਦਰਸ਼ਨ 'ਤੇ ਪਹਿਲਾਂ ਹੀ ਸਵਾਲ ਖੜ੍ਹੇ ਹੋ ਰਹੇ ਹਨ। ਇਸ ਵਿਵਾਦ ਨੇ ਡੀਡੀਸੀਏ ਦੇ ਅਨੁਸ਼ਾਸਨੀ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਦਿੱਤੀ ਹੈ।
