ਸਚਿਨ-ਵਿਰਾਟ ਦੇ ਬੱਲੇ ਦੀ ਮੁਰੰਮਤ ਕਰਨ ਵਾਲਾ ਇਹ ਵਿਅਕਤੀ ਹਸਪਤਾਲ 'ਚ ਦਾਖਲ
Thursday, Aug 20, 2020 - 08:31 PM (IST)
ਨਵੀਂ ਦਿੱਲੀ- ਲਾਕਡਾਊਨ ਅਤੇ ਆਈ. ਪੀ. ਐੱਲ. ਵਿਦੇਸ਼ 'ਚ ਹੋਣ ਦੇ ਕਾਰਨ ਖੇਡ ਜਗਤ ਨਾਲ ਜੁੜੇ ਕਾਰੀਗਰ ਵੀ ਪ੍ਰੇਸ਼ਾਨੀਆਂ 'ਚ ਘਿਰੇ ਹੋਏ ਹਨ। ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਸਾਹਮਣੇ ਦੁਕਾਨ ਚਲਾਉਣ ਵਾਲੇ ਅਸ਼ਰਫ ਚੌਧਰੀ ਵੀ ਇਸ ਤੋਂ ਪ੍ਰਭਾਵਿਤ ਹਨ। ਆਈ. ਪੀ. ਐੱਲ. ਵਿਦੇਸ਼ 'ਚ ਹੋਣ ਨਾਲ ਇਸ ਵਾਰ ਅਸ਼ਰਫ ਦੀ ਕਮਾਈ 'ਤੇ ਮਾੜਾ ਅਸਰ ਪਿਆ ਹੈ ਤੇ ਉਸ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅਸ਼ਰਫ ਦੇ ਕੋਲ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਫਾਫ ਡੂ ਪਲੇਸਿਸ ਅਤੇ ਸਟੀਵ ਸਮਿਥ ਵਰਗੇ ਬੱਲੇਬਾਜ਼ ਆਪਣੇ ਬੱਲੇ ਦੀ ਮੁਰੰਮਤ ਕਰਵਾਉਣ ਦੇ ਲਈ ਆਉਂਦੇ ਰਹੇ ਹਨ। ਹਾਲਾਂਕਿ ਅਸ਼ਰਫ ਨੂੰ ਕੋਰੋਨਾ ਨਹੀਂ ਹੋਇਆ ਬਲਕਿ ਉਹ ਆਪਣੀ ਕਿਡਨੀ 'ਚ ਪੱਥਰੀ ਦੇ ਕਾਰਨ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ, ਜੋ ਹਸਪਤਾਲ 'ਚ ਦਾਖਲ ਹਨ। ਇਸ ਦੇ ਲਈ ਵਧਦੀ ਉਮਰ ਦੇ ਨਾਲ ਸਮੱਸਿਆਵਾਂ ਤੋਂ ਵੀ ਉਹ ਪ੍ਰੇਸ਼ਾਨ ਹੈ। ਇਕ ਹੱਦ ਤਕ ਅਸ਼ਰਫ ਦੀ ਮਦਦ ਕਰਨ ਵਾਲੇ ਪ੍ਰਸ਼ਾਂਤ ਜੇਠਮਲਾਨੀ ਨੇ ਕਿਹਾ- ਉਸਦੀ ਸਥਿਤੀ ਠੀਕ ਨਹੀਂ ਹੈ। ਗੁਰਦੇ ਦੀ ਪੱਥਰੀ ਨਾਲ ਸਬੰਧਿਤ ਉਨ੍ਹਾਂ ਨੂੰ ਕੁਝ ਸਮੱਸਿਆਂ ਸੀ ਜੋ ਫਿਰ ਤੋਂ ਵਧ ਗਈ ਹੈ। ਲਾਕਡਾਊਨ ਦੇ ਕਾਰਨ ਉਸਦਾ ਕਾਰੋਬਾਰ ਨਹੀਂ ਚੱਲਿਆ ਅਤੇ ਇਸ ਦੌਰਾਨ ਸ਼ਹਿਰ 'ਚ ਕ੍ਰਿਕਟ ਪੂਰੀ ਤਰ੍ਹਾਂ ਨਾਲ ਬੰਦ ਹੋ ਗਈ। ਉਸ ਦੇ ਕੋਲ ਪੈਸੇ ਨਹੀਂ ਹਨ, ਉਸਦੇ ਕੋਲ ਜੋ ਕੁਝ ਵੀ ਸੀ ਖਤਮ ਹੋ ਚੁੱਕਿਆ ਹੈ।
ਜੇਠਮਲਾਨੀ ਨੇ ਕਿਹਾ ਕਿ ਅਸੀਂ ਲਗਭਗ ਦੋ ਲੱਖ ਦਾ ਪ੍ਰਬੰਧ ਕੀਤਾ ਪਰ ਸਾਨੂੰ ਹੋਰ ਪੈਸਿਆਂ ਦੀ ਜ਼ਰੂਰਤ ਹੈ। ਅਸ਼ਰਫ 2016 'ਚ ਉਸ ਸਮੇਂ ਚਰਚਾ 'ਚ ਆਏ ਸਨ ਜਦੋਂ ਆਰਥਿਕ ਸੰਕਟ ਨਾਲ ਜੂਝ ਰਹੀ ਵਿੰਡੀਜ਼ ਟੀਮ ਨੂੰ ਉਨ੍ਹਾਂ ਨੇ 16 ਬੱਲੇ ਦਾਨ ਕੀਤੇ ਸਨ। ਫਿਰ ਵਿੰਡੀਜ਼ ਟੀਮ ਦੇ ਖੇਡਣ 'ਤੇ ਸੰਕਟ ਆ ਗਿਆ ਸੀ। ਜੇਠਮਲਾਨੀ ਨੇ ਦੱਸਿਆ ਕਿ ਕੋਈ ਵੀ ਇਨ੍ਹਾਂ ਦਿਨਾਂ 'ਚ ਬੱਲੇ ਨੂੰ ਪੁੱਛ ਨਹੀਂ ਰਿਹਾ ਹੈ ਕਿਉਂਕਿ ਆਈ. ਪੀ. ਐੱਲ. ਵਿਦੇਸ਼ 'ਚ ਹੋ ਰਿਹਾ ਹੈ।