ਭਾਰਤੀ ਬੀਬੀਆਂ ਦੀ ਹਾਕੀ ਟੀਮ ਜਨਵਰੀ ’ਚ ਕਰੇਗੀ ਅਰਜਨਟੀਨਾ ਦਾ ਦੌਰਾ
Thursday, Dec 31, 2020 - 01:32 AM (IST)
ਨਵੀਂ ਦਿੱਲੀ– ਭਾਰਤੀ ਬੀਬੀਆਂ ਦੀ ਹਾਕੀ ਟੀਮ ਜਨਵਰੀ 2021 ਵਿਚ ਅਰਜਨਟੀਨਾ ਦੇ ਦੌਰੇ ’ਤੇ ਜਾਵੇਗੀ। ਤਕਰੀਬਨ ਇਕ ਸਾਲ ਦੇ ਲੰਬੇ ਫਰਕ ਤੋਂ ਬਾਅਦ ਟੀਮ ਦਾ ਇਹ ਪਹਿਲਾ ਕੌਮਾਂਤਰੀ ਦੌਰਾ ਹੋਵੇਗਾ। 25 ਖਿਡਾਰੀਆਂ ਤੇ 7 ਸਹਾਇਕ ਕਰਮਚਾਰੀਆਂ ਦੇ ਕੁਲ ਕੋਰ ਗਰੁੱਪ ਸਮੇਤ ਟੀਮ 3 ਜਨਵਰੀ ਨੂੰ ਨਵੀਂ ਦਿੱਲੀ ਤੋਂ ਅਰਜਨਟੀਨਾ ਲਈ ਰਵਾਨਾ ਹੋਵੇਗੀ ਤੇ 17 ਜਨਵਰੀ ਤੋਂ ਮੇਜ਼ਬਾਨ ਟੀਮ ਵਿਰੁੱਧ 8 ਮੈਚ ਖੇਡੇਗੀ।
ਭਾਰਤੀ ਬੀਬੀਆਂ ਦੀ ਹਾਕੀ ਟੀਮ ਦੀ ਕਪਤਾਨ ਰਾਣੀ ਨੇ ਇਸ ਦੌਰੇ ਲਈ ਕਿਹਾ,‘‘ਇਸ ਦੌਰੇ ਦੀ ਯੋਜਨਾ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਵਧਾਨੀ ਨਾਲ ਬਣਾਇਆ ਗਿਆ ਹੈ ਤੇ ਅਸੀਂ ਮੌਜੂਦਾ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਪ੍ਰਤੀਯੋਗਿਤਾ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਹਾਕੀ ਇੰਡੀਆ ਤੇ ਸਪੋਰਟਸ ਅਥਾਰਟੀ ਆਫ ਇੰਡੀਆ (ਐੱਸ. ਏ. ਆਈ.) ਦੇ ਬਹੁਤ ਧੰਨਵਾਦੀ ਹਾਂ। ਜੁਲਾਈ 2021 ਵਿਚ ਓਲੰਪਿਕ ਖੇਡਾਂ ਲਈ ਟੋਕੀਓ ਪਹੁੰਚਣ ਤੋਂ ਪਹਿਲਾਂ ਸਾਡੇ ਕੋਲ 200 ਤੋਂ ਵੱਧ ਦਿਨ ਹਨ ਤੇ ਅਰਜਨਟੀਨਾ ਵਰਗੀ ਮਜ਼ਬੂਤ ਟੀਮ ਵਿਰੁੱਧ ਮੈਚ ਖੇਡਣਾ ਬਹੁਤ ਮਹੱਤਵਪੂਰਨ ਹੈ।’’
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਸਾਰੀਆਂ ਰਾਸ਼ਟਰੀ ਤੇ ਕੌਮਾਂਤਰੀ ਪ੍ਰਤੀਯੋਗਿਤਾਵਾਂ ਨੂੰ ਪ੍ਰਭਾਵਿਤ ਕਰਨ ਤੇ ਇਨ੍ਹਾਂ ਵਿਚ ਅਚਾਨਕ ਅੜਿੱਕਾ ਪੈਦਾ ਕਰਨ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਓਲੰਪਿਕ ਖੇਡਾਂ ਦੀ ਤਿਆਰੀ ਕਰ ਰਹੀ ਭਾਰਤੀ ਹਾਕੀ ਟੀਮ ਨੂੰ ਕੌਮਾਂਤਰੀ ਦੌਰੇ ਲਈ ਯਾਤਰਾ ਕਰਨ ਦੀ ਸਰਕਾਰੀ ਮਨਜ਼ੂਰੀ ਮਿਲੀ ਹੈ।
ਭਾਰਤੀ ਬੀਬੀਆਂ ਦੀ ਟੀਮ ਨੇ ਆਖਰੀ ਵਾਰ ਜਨਵਰੀ 2020 ਵਿਚ ਕੌਮਾਂਤਰੀ ਦੌਰਾ ਕੀਤਾ ਸੀ ਜਦੋਂ ਉਹ 5 ਮੈਚਾਂ ਦੀ ਲੜੀ ਲਈ ਨਿਊਜ਼ੀਲੈਂਡ ਗਈ ਸੀ। ਇਸ ਦੌਰਾਨ ਭਾਰਤੀ ਬੀਬੀਆਂ ਦੀ ਟੀਮ ਨੇ ਨਿਊਜ਼ੀਲੈਂਡ ਤੇ ਬ੍ਰਿਟੇਨ ਦੀਆਂ ਬੀਬੀਆਂ ਹਾਕੀ ਟੀਮਾਂ ਨਾਲ 5 ਮੈਚ ਖੇਡੇ ਸਨ ਤੇ 3 ਵਿਚ ਜਿੱਤ ਹਾਸਲ ਕੀਤੀ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।