PCB ਨਾਲ ਚੈਂਪੀਅਨਜ਼ ਟ੍ਰਾਫੀ ਦੇ ਸੰਭਾਵੀ ਪ੍ਰੋਗਰਾਮ ’ਤੇ ਚਰਚਾ ਕਰੇਗਾ ICC ਦਾ ਵਫਦ

Thursday, Sep 12, 2024 - 10:47 AM (IST)

PCB ਨਾਲ ਚੈਂਪੀਅਨਜ਼ ਟ੍ਰਾਫੀ ਦੇ ਸੰਭਾਵੀ ਪ੍ਰੋਗਰਾਮ ’ਤੇ ਚਰਚਾ ਕਰੇਗਾ ICC ਦਾ ਵਫਦ

ਕਰਾਚੀ- ਚੈਂਪੀਅਨਸ ਟ੍ਰਾਫੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਸ ਮਹੀਨੇ ਪਾਕਿਸਤਾਨ ਦਾ ਦੌਰਾ ਕਰਨ ਵਾਲਾ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦਾ ਵਫਦ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨਾਲ ਮੁਕਾਬਲੇ ਦੇ ਸੰਭਾਵੀ ਪ੍ਰੋਗਰਾਮ ’ਤੇ ਵੀ ਚਰਚਾ ਕਰੇਗਾ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਕਿਹਾ ਕਿ ਪੀਸੀਬੀ ਨੂੰ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਕਿੰਨੇ ਅਧਿਕਾਰੀ ਆ ਰਹੇ ਹਨ ਅਤੇ ਉਹ ਕਿਹੜੇ ਵਿਭਾਗਾਂ ਦੀ ਨੁਮਾਇੰਦਗੀ ਕਰਨਗੇ ਪਰ ਸੰਕੇਤ ਹਨ ਕਿ ਪ੍ਰੋਗਰਾਮ ’ਤੇ ਵਿਸਥਾਰ ਨਾਲ ਚਰਚਾ ਹੋਵੇਗੀ।
ਪੀ. ਸੀ. ਬੀ. ਨੇ ਕੁਝ ਸਮਾਂ ਪਹਿਲਾਂ ਆਈ. ਸੀ. ਸੀ. ਨੂੰ ਇਕ ਸੰਭਾਵਿਤ ਸ਼ੈਡਿਊਲ ਭੇਜਿਆ ਸੀ ਜਿਸ ’ਚ ਉਨ੍ਹਾਂ ਨੇ ਭਾਰਤੀ ਟੀਮ ਨੂੰ ਲਾਹੌਰ ’ਚ ਰੱਖਣ ਦਾ ਸੁਝਾਅ ਦਿੱਤਾ ਸੀ। ਸੂਤਰ ਨੇ ਕਿਹਾ,‘ਚੈਂਪੀਅਨਜ਼ ਟ੍ਰਾਫੀ ’ਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਬੋਰਡ ਹੁਣ ਸਮਾਂ-ਸਾਰਣੀ ਦੇਖ ਚੁੱਕੇ ਹੋਣਗੇ ਅਤੇ ਇਸ ਨੂੰ ਅੰਤਿਮ ਰੂਪ ਦੇਣ ਅਤੇ ਇਸ ਦਾ ਐਲਾਨ ਕਰਨ ਤੋਂ ਪਹਿਲਾਂ ਕੁਝ ਕੰਮ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ,‘ਭਾਰਤ ਸਰਕਾਰ ਭਾਰਤੀ ਟੀਮ ਨੂੰ ਪਾਕਿਸਤਾਨ ’ਚ ਖੇਡਣ ਦੀ ਇਜਾਜ਼ਤ ਦੇਵੇਗੀ ਜਾਂ ਨਹੀਂ, ਇਸ ਬਾਰੇ ਅੰਤਿਮ ਫੈਸਲਾ ਅਜੇ ਤੱਕ ਸ਼ੈਡਿਊਲ ਨੂੰ ਅੰਤਿਮ ਰੂਪ ਨਾ ਦਿੱਤੇ ਜਾਣ ਦਾ ਇਕ ਵੱਡਾ ਕਾਰਨ ਹੈ।’ ਆਈ. ਸੀ. ਸੀ. ਦਾ ਵਫ਼ਦ ਚੈਂਪੀਅਨਜ਼ ਟਰਾਫੀ ਦੇ ਸਥਾਨਾਂ ਕਰਾਚੀ, ਲਾਹੌਰ ਅਤੇ ਰਾਵਲਪਿੰਡੀ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਮੁਆਇਨਾ ਕਰੇਗਾ, ਨਾਲ ਹੀ ਸੁਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ ਅਤੇ ਪ੍ਰਸਾਰਣ ਪ੍ਰਬੰਧਾਂ, ਟੀਮ ਹੋਟਲਾਂ ਅਤੇ ਯਾਤਰਾ ਪ੍ਰੋਗਰਾਮਾਂ ਦੀ ਸਮੀਖਿਆ ਵੀ ਕਰੇਗਾ।


author

Aarti dhillon

Content Editor

Related News