ਟੋਕੀਓ ਓਲੰਪਿਕ ਦੀ ਕਾਂਸੀ ਨੂੰ ਪੈਰਿਸ ’ਚ ਸੋਨੇ ’ਚ ਤਬਦੀਲ ਕਰਨ ਦਾ ਟੀਚਾ : ਹਰਮਨਪ੍ਰੀਤ ਸਿੰਘ

03/07/2024 7:34:45 PM

ਨਵੀਂ ਦਿੱਲੀ,  (ਭਾਸ਼ਾ)- ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਟੋਕੀਓ ਓਲੰਪਿਕ ਦੇ ਕਾਂਸੀ ਤਮਗੇ ਨੂੰ ਅਗਲੀਆਂ ਪੈਰਿਸ ਖੇਡਾਂ ’ਚ ਸੋਨੇ ਦੇ ਤਮਗੇ ’ਚ ਬਦਲਣਾ ਹੈ। ਰਿਕਾਰਡ 8 ਵਾਰ ਦੀ ਸੋਨ ਤਮਗਾ ਜੇਤੂ ਭਾਰਤੀ ਟੀਮ ਨੇ 2021 ’ਚ ਟੋਕੀਓ ’ਚ ਕਾਂਸੀ ਤਮਗੇ ਨਾਲ ਪਲੇਆਫ ’ਚ 1-3 ਨਾਲ ਪੱਛੜਣ ਤੋਂ ਬਾਅਦ ਵਾਪਸੀ ਕਰਦੇ ਹੋਏ ਜਰਮਨੀ ਨੂੰ 5-4 ਨਾਲ ਹਰਾ ਕੇ 41 ਸਾਲ ਦੇ ਓਲੰਪਿਕ ਤਮਗੇ ਦੇ ਸੋਕੇ ਨੂੰ ਸਮਾਪਤ ਕੀਤਾ ਸੀ।

ਭਾਰਤ ਨੇ ਓਲੰਪਿਕ ਸੋਨ ਤਮਗਾ 1980 ’ਚ ਮਾਸਕੋ ਖੇਡਾਂ ਦੌਰਾਨ ਜਿੱਤਿਆ ਸੀ। ਹਾਕੀ ਇੰਡੀਆ ਪ੍ਰੈੱਸ ਰਿਲੀਜ਼ ’ਚ ਪੈਰਿਸ ਓਲੰਪਿਕ ਲਈ ਭਾਰਤ ਦੇ ਡਰਾਅ ’ਤੇ ਪ੍ਰਤੀਕ੍ਰਿਆ ਦਿੰਦਿਆਂ ਹਰਮਨਪ੍ਰੀਤ ਨੇ ਕਿਹਾ ਕਿ ਟੋਕੀਓ ’ਚ ਕਾਂਸੀ ਤਮਗਾ ਜਿੱਤਣਾ ਯਾਦਗਾਰ ਪਲ ਰਿਹਾ। ਅਸੀਂ ਉਸੇ ਲੈਅ ਨੂੰ ਪੈਰਿਸ ਓਲੰਪਿਕ ਤੱਕ ਲੈ ਕੇ ਜਾਣ ਲਈ ਵਚਨਬੱਧ ਹਾਂ। ਸਾਡਾ ਟੀਚਾ ਤਮਗੇ ਦੇ ਰੰਗ ਨੂੰ ਸੋਨ ਤਮਗੇ ’ਚ ਤਬਦੀਲ ਕਰਨਾ ਹੈ। ਉਸ ਨੇ ਕਿਹਾ ਕਿ ਸ਼ੁਰੂ ’ਚ ਸਾਡਾ ਧਿਆਨ ਇਕ ਸਮੇਂ ’ਚ ਇਕ ਕਦਮ ਪੁੱਟਣ ’ਤੇ ਹੋਵੇਗਾ। ਗਰੁੱਪ ਪੜਾਅ ਤੋਂ ਅਗਲੇ ਦੌਰ ’ਚ ਪਹੁੰਚਣ ਅਤੇ ਕੁਆਰਟਰਫਾਈਨਲ ’ਚ ਜਗ੍ਹਾ ਪੱਕੀ ਕਰਨਾ ਹੋਵੇਗਾ। ਸਾਨੂੰ ਯਕੀਨ ਹੈ ਕਿ ਅਸੀਂ ਆਪਣੇ ਤਜਰਬੇ ਅਤੇ ਕੌਸ਼ਲ ਦੀ ਬਦੌਲਤ ਪੋਡੀਅਮ ਸਥਾਨ ਹਾਸਲ ਕਰਨ ਦੇ ਮਜ਼ਬੂਤ ਦਾਅਵੇਦਾਰ ਹਾਂ।

ਦੁਨੀਆ ਦੀ ਚੌਥੇ ਨੰਬਰ ਦੀ ਭਾਰਤੀ ਟੀਮ ਆਪਣਾ ਅਭਿਆਨ 27 ਜੁਲਾਈ ਨੂੰ ਹੇਠਲੀ ਰੈਂਕਿੰਗ ’ਤੇ ਕਾਬਿਜ਼ ਨਿਊਜ਼ੀਲੈਂਡ ਨਾਲ ਕਰੇਗੀ, ਜਿਸ ਤੋਂ ਬਾਅਦ ਟੀਮ ਦਾ ਮੁਕਾਬਲਾ 29 ਜੁਲਾਈ ਨੂੰ ਅਰਜਨਟੀਨਾ, 30 ਜੁਲਾਈ ਨੂੰ ਆਇਰਲੈਂਡ ਅਤੇ ਫਿਰ 1 ਅਗਸਤ ਨੂੰ ਬੈਲਜ਼ੀਅਮ ਨਾਲ ਹੋਵੇਗਾ। ਟੀਮ ਅੰਤਿਮ ਗਰੁੱਪ ਪੜਾਅ ਮੈਚ ’ਚ 2 ਅਗਸਤ ਨੂੰ ਆਸਟ੍ਰੇਲੀਆ ਨਾਲ ਭਿੜੇਗੀ।

ਹਰਮਨਪ੍ਰੀਤ ਨੇ ਮੁਕਾਬਲਿਆਂ ਬਾਰੇ ਕਿਹਾ ਕਿ ਪੂਲ ਬੀ ’ਚ ਮੁਕਬਾਲੇਬਾਜ਼ੀ ਕਰਨਾ ਚੁਣੌਤੀਪੂਰਨ ਹੋਵੇਗਾ ਕਿਉਂਕਿ ਹਰੇਕ ਟੀਮ ’ਚ ਕਿਸੇ ਵੀ ਦਿਨ ਜੇਤੂ ਬਣਨ ਦੀ ਕਾਬਲੀਅਤ ਹੈ। ਉਸ ਨੇ ਕਿਹਾ ਕਿ ਅਸੀਂ ਪੈਰਿਸ ਓਲੰਪਿਕ ਦੀ ਯਾਤਰਾ ਦੌਰਾਨ ਹਰੇਕ ਚੁਣੋਤੀ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਤਿਆਰ ਹਾਂ। ਹਰਮਨਪ੍ਰੀਤ ਨੇ ਕਿਹਾ ਕਿ ਸਾਡਾ ਧਿਆਨ ਸਿਰਫ ਆਪਣੀ ਮਜ਼ਬੂਤੀ ’ਤੇ ਲੱਗਾ ਹੈ ਕਿਉਂਕਿ ਸਾਡਾ ਮੰਨਣਾ ਹੈ ਕਿ ਜੇਕਰ ਅਸੀਂ ਇਕਜੁੱਟ ਹੋ ਕੇ ਪੂਰੀ ਸਮਰੱਥਾ ਨਾਲ ਖੇਡੇ ਤਾਂ ਅਸੀਂ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ।


Tarsem Singh

Content Editor

Related News