ਬੇਲਗਾਵੀ ਪੈਂਥਰਸ ਦੀ ਫ੍ਰੈਂਚਾਇਜ਼ੀ ਸਸਪੈਂਡ

Saturday, Nov 09, 2019 - 03:25 AM (IST)

ਬੇਲਗਾਵੀ ਪੈਂਥਰਸ ਦੀ ਫ੍ਰੈਂਚਾਇਜ਼ੀ ਸਸਪੈਂਡ

ਬੈਂਗਲੁਰੂ- ਕਰਨਾਟਕ ਪ੍ਰੀਮੀਅਰ ਲੀਗ (ਕੇ. ਪੀ. ਐੱਲ.) ਵਿਚ ਸਪਾਟ ਫਿਕਸਿੰਗ ਦੇ ਦੋਸ਼ਾਂ ਵਿਚ ਘਿਰੀ ਬੇਲਗਾਵੀ ਪੈਂਥਰਸ ਦੀ ਫ੍ਰੈਂਚਾਇਜ਼ੀ ਨੂੰ ਸ਼ੁੱਕਰਵਾਰ ਨੂੰ ਰਾਜ ਕ੍ਰਿਕਟ ਬੋਰਡ ਨੇ ਸਸਪੈਂਡ ਕਰਨ ਦਾ ਫੈਸਲਾ ਕੀਤਾ। ਬੇਲਗਾਵੀ ਦੇ ਮਾਲਕ ਅਲੀ ਅਸ਼ਫਾਕ ਥਾਰਾ ਉਨ੍ਹਾਂ 6 ਲੋਕਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਹੁਣ ਤਕ ਕੀਤੀ ਜਾਂਚ ਤੋਂ ਬਾਅਦ ਫਿਕਸਿੰਗ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਦੀ ਰਿਪੋਰਟ ਅਨੁਸਾਰ ਕਰਨਾਟਕ ਰਾਜ ਕ੍ਰਿਕਟ ਸੰਘ (ਕੇ. ਐੱਸ. ਸੀ. ਏ.) ਨੇ ਬੇਲਗਾਵੀ ਦੇ ਮਾਲਕਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ।
ਕੇ. ਐੱਸ. ਸੀ. ਏ. ਨੇ ਜਾਰੀ ਬਿਆਨ ਵਿਚ ਦੱਸਿਆ ਕਿ ਜੇਕਰ ਫ੍ਰੈਂਚਾਇਜ਼ੀ ਦੇ ਮਾਲਕਾਂ 'ਤੇ ਕਥਿਤ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਕਰਨਾਟਕ ਪ੍ਰੀਮੀਅਰ ਲੀਗ ਤੋਂ ਫ੍ਰੈਂਚਾਇਜ਼ੀ ਦੀ ਮਾਨਤਾ ਨੂੰ ਰੱਦ ਕਰ ਦਿੱਤਾ ਜਾਵੇਗਾ। ਕੇ. ਐੱਸ. ਸੀ. ਏ. ਦਾ ਬਿਆਨ ਬੇਲਾਰੀ ਟਸਕਰਸ ਤੇ ਰਣਜੀ ਕ੍ਰਿਕਟਰਾਂ ਸੀ. ਐੱਮ. ਗੌਤਮ ਤੇ ਅਬਰਾਰ ਕਾਜ਼ੀ  ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਆਇਆ ਹੈ। ਕਰਨਾਟਕ ਰਣਜੀ ਟੀਮ ਦੇ ਦੋਵਾਂ ਕ੍ਰਿਕਟਰਾਂ ਨੂੰ ਕੇ. ਪੀ. ਐੱਲ. ਫਾਈਨਲ ਵਿਚ ਸਪਾਟ ਫਿਕਸਿੰਗ ਦੇ ਦੋਸ਼ਾਂ ਵਿਚ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਅਜੇ ਤਕ ਇਸ ਮਾਮਲੇ ਦੀ ਜਾਂਚ ਕਰ ਰਹੀ ਕਰਨਾਟਕ ਪੁਲਸ ਦੀ ਕੇਂਦਰੀ ਅਪਰਾਧ ਸ਼ਾਖਾ ਨੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕੇ. ਐੱਸ. ਸੀ. ਏ. ਨੇ ਕਿਹਾ, ''ਜਿਨ੍ਹਾਂ ਵੀ ਫ੍ਰੈਂਚਾਇਜ਼ੀ, ਖਿਡਾਰੀਆਂ,  ਸਪੋਰਟ ਸਟਾਫ ਅਤੇ ਮੈਚ  ਅਧਿਕਾਰੀਆਂ ਨੂੰ ਸ਼ੁਰੂਆਤੀ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਵਿਚ ਸ਼ਾਮਲ ਪਾਇਆ ਗਿਆ ਹੈ, ਉਨ੍ਹਾਂ ਦੀ ਮੈਂਬਰਸ਼ਿਪ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਦੋਸ਼ੀ ਸਾਬਤ ਹੋਣ ਤੋਂ ਬਾਅਦ ਉਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।''
ਰਾਜ ਕ੍ਰਿਕਟ ਸੰਘ ਨੇ ਨਾਲ ਹੀ ਕਿਹਾ ਕਿ ਉਹ ਜਾਂਚ ਏਜੰਸੀ ਸੀ. ਸੀ. ਬੀ.ਨੂੰ ਆਪਣੀ ਹਰ ਸੰਭਵ ਮਦਦ ਮੁਹੱਈਆ ਕਰਵਾਏਗੀ ਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦਾ ਵੀ ਭਰੋਸਾ ਦਿੱਤਾ। ਉਸ ਨੇ ਨਾਲ ਹੀ ਕਿਹਾ ਕਿ ਰਾਜ ਕ੍ਰਿਕਟ ਪਾਰਦਰਸ਼ਤਾ ਦੇ ਨਾਲ ਟੂਰਨਾਮੈਂਟ ਕਰਵਾਉਣ ਲਈ ਪ੍ਰਤੀਬੱਧ ਹੈ ਤੇ ਭ੍ਰਿਸ਼ਟਾਚਾਰੀਆਂ ਨੂੰ ਮੁਆਫ ਨਹੀਂ ਕਰੇਗਾ।


author

Gurdeep Singh

Content Editor

Related News