ਨਾ ਬੁਮਰਾਹ ਨਾ ਗਿੱਲ! ਅਸ਼ਵਿਨ ਨੇ ਦੱਸਿਆ ਟੈਸਟ ਟੀਮ ਦੇ ਅਗਲੇ ਕਪਤਾਨ ਦਾ ਨਾਂ
Friday, May 16, 2025 - 02:55 PM (IST)

ਸਪੋਰਟਸ ਡੈਸਕ- ਸਾਬਕਾ ਭਾਰਤੀ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਭਾਰਤੀ ਟੈਸਟ ਕਪਤਾਨੀ ਲਈ ਆਪਣੇ ਲੰਬੇ ਸੰਮੇਂ ਦੇ ਸਪਿਨ ਜੋੜੀਦਾਰ ਰਵਿੰਦਰ ਜਡੇਜਾ ਦੇ ਨਾਂ ਦਾ ਸੁਝਾਅ ਦਿੱਤਾ ਹੈ। ਅਸ਼ਵਿਨ ਨੇ ਆਪਣੇ ਯੂਟਿਊਬ ਚੈਨਲ 'ਐਸ਼ ਦੀ ਗੱਲ' 'ਤੇ ਵੀਰਵਾਰ ਨੂੰ ਇਹ ਰਾਏ ਜ਼ਾਹਰ ਕੀਤੀ।
ਅਸ਼ਵਿਨ ਨੇ ਕਪਤਾਨੀ ਦੇ ਦਾਅਵੇਦਾਰਾਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਕੁਝ ਸਪਸ਼ਟ ਆਪਸ਼ਨ ਹਨ ਪਰ ਮੈਂ ਰਵਿੰਦਰ ਜਡੇਜਾ ਦਾ ਨਾਂ ਵੀ ਜੋੜਨਾ ਚਾਹਾਂਗਾ। ਕਪਤਾਨ ਜਾਂ ਉਪ ਕਪਤਾਨ ਦੀ ਚਰਚਾ ਤੋਂ ਪਹਿਲਾਂ ਖਿਡਾਰੀ ਦਾ ਪਲੇਇੰਗ ਇਲੈਵਨ 'ਚ ਹੋਣਾ ਜ਼ਰੂਰੀ ਹੈ। ਜਡੇਜਾ ਇਕ ਸੁਭਾਵਿਕ ਚੋਣ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜਡੇਜਾ ਟੀਮ ਦੇ ਸਭ ਤੋਂ ਅਨੁਭਵੀ ਖਿਡਾਰੀ ਹਨ। ਜੇਕਰ ਨਵੇਂ ਖਿਡਾਰੀ ਨੂੰ ਦੋ ਸਾਲਾਂ ਤਕ ਤਿਆਰ ਕਰਕੇ ਕਪਤਾਨ ਬਣਾਇਆ ਜਾ ਸਕਦਾ ਹੈ ਤਾਂ ਜਡੇਜਾ ਵੀ ਦੋ ਸਾਲਾਂ ਤਕ ਇਹ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੂੰ ਉਪ ਕਪਤਾਨ ਦੇ ਰੂਪ 'ਚ ਵੀ ਆਜ਼ਮਾਇਆ ਜਾ ਸਕਦਾ ਹੈ।
36 ਸਾਲਾ ਜਡੇਜਾ ਨੇ 80 ਟੈਸਟ ਮੈਚਾਂ 'ਚ 3,370 ਦੌੜਾਂ (34.74 ਦੀ ਔਸਤ, ,4 ਸੈਂਕੜੇ, 22 ਅਰਧ ਸੈਂਕੜੇ) ਅਤੇ 323 ਵਿਕਟਾਂ ਲਈਆਂ ਹਨ। ਹਾਲਾਂਕਿ, ਜਡੇਜਾ ਨੇ ਭਾਰਤ ਲਈ ਕਿਸੇ ਵੀ ਫਾਰਮੈਟ 'ਚ ਕਪਤਾਨੀ ਨਹੀਂ ਕੀਤੀ। ਉਨ੍ਹਾਂ ਨੇ 2022 ਆਈਪੀਐੱਲ 'ਚ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕੀਤੀ ਸੀ ਪਰ 8 'ਚੋਂ ਸਿਰਫ 2 ਮੈਚ ਜਿੱਤਣ ਤੋਂ ਬਾਅਦ ਸੀਜ਼ਨ 'ਚ ਐੱਮ.ਐੱਸ. ਧੋਨੀ ਨੂੰ ਕਪਤਾਨੀ ਦਿੱਤੀ ਗਈ ਸੀ।
ਅਸ਼ਵਿਨ ਨੇ ਸ਼ੁਭਮਨ ਗਿੱਲ ਨੂੰ ਕਪਤਾਨੀ ਲਈ ਲੋਕਪ੍ਰਸਿੱਧ ਨਾਂ ਦੱਸਿਆ ਅਤੇ ਉਨ੍ਹਾਂ ਦੀ ਤੁਲਨਾ 2003 'ਚ 22 ਸਾਲ ਦੀ ਉਮਰ 'ਚ ਦੱਖਣੀ ਅਫਰੀਕਾ ਦੇ ਕਪਤਾਨ ਬਣੇ ਗ੍ਰੀਮ ਸਮਿਥ ਨਾਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਗਿੱਲ ਗੁਜਰਾਤ ਟਾਈਟਨਜ਼ ਨੂੰ ਆਈਪੀਐੱਲ ਪਲੇਆਫ 'ਚ ਲੈ ਕੇ ਜਾਂਦੇ ਹਨ ਤਾਂ ਉਨ੍ਹਾਂ ਦੀ ਕਪਤਾਨੀ 'ਚ ਬਦਲਾਅ ਆਸਾਨ ਹੋ ਸਕਦਾ ਹੈ। ਗਿੱਲ ਦੀ ਅਗਵਾਈ 'ਚ ਗੁਜਰਾਤ ਟਾਈਟਨਜ਼ 8 ਜਿੱਤ ਅਤੇ 3 ਹਾਰ ਦੇ ਨਾਲ 16 ਅੰਕਾਂ ਦੇ ਨਾਲ ਅੰਕ ਸੂਚੀ 'ਚ ਚੋਟੀ 'ਤੇ ਹੈ।
ਜਸਪ੍ਰੀਤ ਬੁਮਰਾਹ ਦੀ ਕਪਤਾਨੀ 'ਤੇ ਅਸ਼ਵਿਨ ਨੇ ਕਿਹਾ ਕਿ ਮੈਨੂੰ ਨਿਰਾਸ਼ਾ ਹੈ ਕਿ ਬੁਮਰਾਹ ਨੂੰ ਕਪਤਾਨੀ ਨਹੀਂ ਮਿਲੀ। ਉਹ ਇਕ ਰਾਸ਼ਟਰੀ ਸੰਪਤੀ ਹੈ। ਉਨ੍ਹਾਂ ਦੀ ਇਕ ਵੱਡੀ ਸਰਜ਼ਰੀ ਹੋ ਚੁੱਕੀ ਹੈ। ਮੈਨੂੰ ਹੈਰਾਨੀ ਹੋਵੇਗੀ ਜੇਕਰ ਉਹ ਲਗਾਤਾਰ 5 ਟੈਸਟ ਖੇਡਦੇ ਹਨ। ਉਨ੍ਹਾਂ ਨੂੰ ਠੀਕ ਹੋਣ ਲਈ ਇਕ ਬ੍ਰੇਕ ਦੀ ਲੋੜ ਹੈ। ਬੁਮਰਾਹ ਨੇ ਭਾਰਤ ਲਈ 3 ਮੈਚਾਂ 'ਚ ਕਪਤਾਨੀ ਕੀਤੀ ਹੈ, ਜਿਸ ਵਿਚ 2024-25 ਬਾਰਡਰ-ਗਾਵਸਕਰ ਟ੍ਰਾਫੀ ਦੇ ਪਹਿਲੇ ਟੈਸਟ 'ਚ ਪਰਥ 'ਚ 295 ਦੌੜਾਂ ਦੀ ਜਿੱਤ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।