ਸੰਨਿਆਸ ਦੇ ਤੁਹਾਡੇ ਫ਼ੈਸਲੇ ਤੋਂ ਹੈਰਾਨ ਹਾਂ : ਖੇਡ ਮੰਤਰੀ ਨੇ ਜਿਮਨਾਸਟ ਦੀਪਾ ਕਰਮਾਕਰ ਨੂੰ ਲਿਖਿਆ ਪੱਤਰ
Wednesday, Oct 09, 2024 - 04:57 PM (IST)
ਨਵੀਂ ਦਿੱਲੀ : ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਜਿਮਨਾਸਟ ਦੀਪਾ ਕਰਮਾਕਰ ਨੂੰ ਪੱਤਰ ਲਿਖ ਕੇ ਖੇਡਾਂ ਤੋਂ ਸੰਨਿਆਸ ਲੈਣ ਦੇ ਫੈਸਲੇ 'ਤੇ ਹੈਰਾਨੀ ਜਤਾਈ ਹੈ। ਦੀਪਾ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਬਣ ਗਈ, ਰੀਓ ਓਲੰਪਿਕ 2016 ਵਿਚ ਚੌਥੇ ਸਥਾਨ 'ਤੇ ਰਹੀ। ਉਨ੍ਹਾਂ ਨੇ ਸੋਮਵਾਰ ਨੂੰ ਖੇਡ ਨੂੰ ਅਲਵਿਦਾ ਕਹਿ ਦਿੱਤਾ।
ਮਾਂਡਵੀਆ ਨੇ ਦੀਪਾ ਨੂੰ ਲਿਖੇ ਪੱਤਰ 'ਚ ਲਿਖਿਆ, ''ਮੈਨੂੰ ਪਤਾ ਲੱਗਾ ਕਿ ਤੁਸੀਂ ਜਿਮਨਾਸਟਿਕ ਤੋਂ ਸੰਨਿਆਸ ਲੈ ਚੁੱਕੇ ਹੋ। ਮੈਂ ਤੁਹਾਡੇ ਫੈਸਲੇ 'ਤੇ ਹੈਰਾਨ ਹਾਂ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਇਹ ਫੈਸਲਾ ਜ਼ਿੰਦਗੀ ਦੀਆਂ ਮਹੱਤਵਪੂਰਨ ਤਰਜੀਹਾਂ ਅਤੇ ਤਜਰਬਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੋਵੇਗਾ। ਮੈਂ ਤੁਹਾਡੇ ਫੈਸਲੇ ਦਾ ਪੂਰਾ ਸਨਮਾਨ ਕਰਦਾ ਹਾਂ।
ਇਹ ਵੀ ਪੜ੍ਹੋ : ਜੋਅ ਰੂਟ ਨੇ ਤੋੜਿਆ ਐਲਿਸਟੇਅਰ ਕੁੱਕ ਦਾ ਰਿਕਾਰਡ, ਟੈਸਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼
ਉਨ੍ਹਾਂ ਕਿਹਾ, ''ਜਿਮਨਾਸਟਿਕ ਵਿਚ ਤੁਹਾਡਾ ਸਫ਼ਰ, ਜੋ ਮਹਿਜ਼ ਛੇ ਸਾਲ ਦੀ ਉਮਰ ਵਿਚ ਸ਼ੁਰੂ ਹੋਇਆ ਸੀ, ਬਹੁਤ ਪ੍ਰੇਰਨਾਦਾਇਕ ਰਿਹਾ ਹੈ। ਇਸ ਖੇਡ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਤੁਸੀਂ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਮੇਜਰ ਧਿਆਨ ਚੰਦ ਖੇਲ ਰਤਨ ਅਤੇ ਪਦਮਸ਼੍ਰੀ ਵਰਗੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਹੋਣਾ ਤੁਹਾਡੇ ਵਿਲੱਖਣ ਯੋਗਦਾਨ ਦਾ ਸਬੂਤ ਹੈ।
ਉਨ੍ਹਾਂ ਅੱਗੇ ਲਿਖਿਆ, ''ਓਲੰਪਿਕ ਵਿਚ ਹਿੱਸਾ ਲੈ ਕੇ ਤੁਹਾਡਾ ਭਾਰਤੀ ਜਿਮਨਾਸਟਿਕ ਵਿਚ ਇਕ ਨਵਾਂ ਅਧਿਆਏ ਜੋੜਨਾ ਅਤੇ ਇਸ ਖੇਡ ਵਿਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨਾ ਨਾ ਸਿਰਫ਼ ਤੁਹਾਡੀ ਨਿੱਜੀ ਮਿਹਨਤ ਦਾ ਨਤੀਜਾ ਹੈ, ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਤੁਹਾਡਾ ਪ੍ਰਦਰਸ਼ਨ ਖਾਸ ਕਰਕੇ ਪ੍ਰੋਡੁਨੋਵਾ ਵਾਲਟ ਵਿਚ ਬੇਮਿਸਾਲ ਰਿਹਾ ਹੈ। ਤੁਹਾਡੀਆਂ ਪ੍ਰਾਪਤੀਆਂ ਨੇ ਨਾ ਸਿਰਫ਼ ਖੇਡ ਪ੍ਰੇਮੀਆਂ ਨੂੰ ਪ੍ਰੇਰਿਤ ਕੀਤਾ ਹੈ, ਸਗੋਂ ਸਾਡੀਆਂ ਧੀਆਂ ਨੂੰ ਖੇਡਾਂ ਵਿਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਹਿੰਮਤ ਵੀ ਦਿੱਤੀ ਹੈ।
ਉਨ੍ਹਾਂ ਕਿਹਾ, ''ਓਲੰਪਿਕ ਦਾ ਉਹ ਇਤਿਹਾਸਕ ਪਲ ਜਦੋਂ ਤੁਸੀਂ ਸਿਰਫ਼ 0.15 ਅੰਕਾਂ ਨਾਲ ਤਮਗਾ ਜਿੱਤਣ ਤੋਂ ਖੁੰਝ ਗਏ, ਫਿਰ ਵੀ ਤੁਸੀਂ ਆਪਣੇ ਸਬਰ ਅਤੇ ਸਮਰਪਣ ਨਾਲ ਪੂਰੇ ਦੇਸ਼ ਦਾ ਦਿਲ ਜਿੱਤ ਲਿਆ।'' ਮਾਂਡਵੀਆ ਨੇ ਲਿਖਿਆ, ''ਤੁਹਾਡੀ ਇਹ ਯਾਤਰਾ ਦੇਸ਼ ਲਈ ਇਕ ਅਨਮੋਲ ਵਿਰਾਸਤ ਹੈ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਇਸ ਵਿਲੱਖਣ ਪ੍ਰਤਿਭਾ ਅਤੇ ਅਨੁਭਵ ਨੂੰ ਆਉਣ ਵਾਲੀ ਪੀੜ੍ਹੀ ਨਾਲ ਸਾਂਝਾ ਕਰੋਗੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8