ਸੁਰੇਸ਼ ਰੈਨਾ ਦਾ ਸਨਸਨੀਖੇਜ਼ ਖੁਲਾਸਾ, ਕਿਹਾ- ਟੀਮ ਇੰਡੀਆ ਦੇ ਸੀਨੀਅਰ ਖਿਡਾਰੀ ਕਰਦੇ ਸਨ ਰੈਗਿੰਗ
Monday, Jun 14, 2021 - 05:57 PM (IST)
ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਹਾਲ ਹੀ ’ਚ ਆਪਣੀ ਆਟੋਬਾਇਓਗ੍ਰਾਫ਼ੀ ‘Believe’ ਰਾਹੀਂ ਆਪਣੇ ਕ੍ਰਿਕਟ ਕਰੀਅਰ ਦੇ ਕਈ ਵੱਡੇ ਖ਼ੁਲਾਸੇ ਕਰ ਚੁੱਕੇ ਹਨ। ਰੈਨਾ ਨੇ ਭਾਰਤੀ ਟੀਮ ਦੇ ਸਾਬਕਾ ਕੋਚ ਗ੍ਰੇਗ ਚੈਪਲ ਨੂੰ ਲੈ ਕੇ ਵੀ ਕਈ ਗੱਲਾਂ ਕਹੀਆਂ ਸਨ। ਹੁਣ ਰੈਨਾ ਨੇ ਟੀਮ ਇੰਡੀਆ ਦੇ ਡ੍ਰੈਸਿੰਗ ਰੂਮ ਨੂੰ ਲੈ ਕੇ ਸਨਸਨੀਖੇਜ਼ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ : ਸ਼ਿਖਰ ਧਵਨ ਨੇ ਆਪਣੇ ਤੋਂ 10 ਸਾਲ ਵੱਡੀ ਆਇਸ਼ਾ ਨਾਲ ਕੀਤਾ ਹੈ ਵਿਆਹ, ਜਾਣੋ ਦੋਵਾਂ ਦੀ ਪ੍ਰੇਮ ਕਹਾਣੀ ਬਾਰੇ
ਸੀਨੀਅਰ ਖਿਡਾਰੀ ਕਰਦੇ ਸਨ ਰੈਗਿੰਗ
ਜਿੱਥੇ ਇਕ ਪਾਸੇ ਸੌਰਵ ਗਾਂਗੁਲੀ ਦੀ ਕਪਤਾਨੀ ਵਾਲੀ ਪੂਰੀ ਟੀਮ ਮੁੱਖ ਕੋਚ ਗ੍ਰੇਗ ਚੈਪਲ ਦੀ ਆਲੋਚਨਾ ਕਰਦੀ ਸੀ। ਉੱਥੇ ਹੀ ਸੁਰੇਸ਼ ਰੈਨਾ ਨੇ ਆਪਣੀ ਕਿਤਾਬ ’ਚ ਕਈ ਵਾਰ ਕਿਹਾ ਕਿ ਚੈਪਲ ਇਕ ਬਿਹਤਰੀਨ ਕੋਚ ਸਨ। ਇਸ ਵਿਚਾਲੇ ਰੈਨਾ ਨੇ ਇਕ ਹੋਰ ਗੱਲ ਦਾ ਖ਼ੁਲਾਸਾ ਕਰਕੇ ਸਨਸਨੀ ਮਚਾ ਦਿੱਤੀ ਹੈ। ਰੈਨਾ ਨੇ ਕਿਹਾ ਕਿ ਕਈ ਵਾਰ ਸੀਨੀਅਰ ਖਿਡਾਰੀ ਉਨ੍ਹਾਂ ਦਾ ਬਹੁਤ ਜ਼ਿਆਦਾ ਮਜ਼ਾਕ ਉਡਾਉਂਦੇ ਸਨ।
ਮਿਡ ਡੇ ਦੀ ਇਕ ਰਿਪੋਰਟ ਮੁਤਾਬਕ ਰੈਨਾ ਨੇ ਆਪਣੀ ਕਿਤਾਬ ’ਚ ਲਿਖਿਆ, ‘‘ਮੈਨੂੰ ਅੱਜ ਵੀ ਯਾਦ ਹੈ ਕਿ ਟੀਮ ਦੇ ਇਕ ਸੀਨੀਅਰ ਖਿਡਾਰੀ ਨੇ ਮੇਰਾ ਮਜ਼ਾਕ ਉਡਾਇਆ ਸੀ ਤੇ ਇਹ ਵੀ ਕਿਹਾ ਸੀ ਕਿ ਤੁਸੀਂ ਹੀ ਹੋ ਜਿਸ ਨੂੰ ਐਕਸਟ੍ਰਾ ਪ੍ਰੈਕਟਿਸ ਸੈਸ਼ਨ ਮਿਲਦੇ ਹਨ। ਅਜਿਹਾ ਲਗਦਾ ਸੀ ਕਿ ਜਿਵੇਂ ਮੈਚ ’ਚ ਸਿਰਫ਼ ਮੈਂ ਹੀ ਖੇਡਣ ਵਾਲਾ ਹਾਂ।’’ ਰੈਨਾ ਦਾ ਇਹ ਬਿਆਨ ਕਾਫ਼ੀ ਹੈਰਾਨ ਕਰਨ ਵਾਲਾ ਹੈ, ਕਿਉਂਕਿ ਜਿਸ ਸਮੇਂ ਉਨ੍ਹਾਂ ਨੇ ਟੀਮ ਇੰਡੀਆ ’ਚ ਡੈਬਿਊ ਕੀਤਾ ਸੀ ਉਸ ਸਮੇਂ ਕਈ ਧਾਕੜ ਕ੍ਰਿਕਟਰ ਉਸ ਟੀਮ ਦਾ ਹਿੱਸਾ ਹੁੰਦੇ ਸਨ।
ਇਹ ਵੀ ਪੜ੍ਹੋ : WTC Final : ਭਾਰਤ ਦੀਆਂ ਤਿਆਰੀਆਂ ਨੂੰ ਲੈ ਕੇ ਵੈਂਕਟੇਸ਼ ਪ੍ਰਸਾਦ ਨੇ ਕੀਤਾ ਵੱਡਾ ਖੁਲਾਸਾ
ਰੈਨਾ ਨੇ ਕੀਤਾ ਚੈਪਲ ਦਾ ਸਮਰਥਨ
ਸੁਰੇਸ਼ ਰੈਨਾ ਦੀ ਆਤਮਕਥਾ (BELIEVE-what life and cricket taught me) ਬਾਜ਼ਾਰ ’ਚ ਆਉਣ ਵਾਲੀ ਹੈ। ਇਸ ਕਿਤਾਬ ’ਚ ਉਨ੍ਹਾਂ ਨੇ ਗ੍ਰੇਗ ਚੈਪਲ ਨਾਲ ਜੁੜੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਸੁਰੇਸ਼ ਰੈਨਾ ਨੇ ਇਸ ਕਿਤਾਬ ’ਚ ਲਿਖਿਆ ਹੈ ਕਿ ਚੈਪਲ ਕਦੀ ਵੀ ਗ਼ਲਤ ਨਹੀਂ ਸਨ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਟੀਮ ਨੂੰ ਬਿਹਤਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ। ਟੀਮ ਦੀ ਹਾਰ ਦੇ ਬਾਅਦ ਚੈਪਲ ਬਹੁਤ ਸਖ਼ਤ ਹੁੰਦੇ ਸਨ ਪਰ ਉਨ੍ਹਾਂ ਦੀ ਆਲੋਚਨਾ ਦਾ ਵੱਡਾ ਹਿੱਸਾ ਸੀਨੀਅਰ ਖਿਡਾਰੀਆਂ ਲਈ ਹੁੰਦਾ ਸੀ। ਮੈਂ ਇਸ ਨਾਲ ਸਹਿਮਤ ਹਾਂ ਕਿ ਚੈਪਲ ਨੂੰ ਦਾਦਾ (ਸੌਰਵ) ਤੇ ਸਚਿਨ ਦੇ ਪ੍ਰਤੀ ਹੋਰ ਸਨਮਾਨ ਦਿਖਾਉਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਸੁਰੇਸ਼ ਰੈਨਾ ਨੇ ਚੈਪਲ ਦੀ ਪਹਿਲੀ ਸੀਰੀਜ਼ ਦੇ ਦੌਰਾਨ ਸ਼੍ਰੀਲੰਕਾ ’ਚ ਵਨ-ਡੇ ’ਚ ਡੈਬਿਊ ਕੀਤਾ ਸੀ। ਰੈਨਾ ਨੇ ਆਪਣੇ ਕਰੀਅਰ ’ਚ ਭਾਰਤ ਲਈ 226 ਵਨ-ਡੇ ਮੈਚ ਖੇਡੇ ਤੇ 5615 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਦੇ ਨਾਲ ਹੀ 36 ਵਿਕਟਾਂ ਵੀ ਲਈਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।