ਸ਼ੇਨ ਵਾਰਨ ਨੂੰ ਲੈ ਕੇ ਦਿੱਤੇ ਬਿਆਨ 'ਤੇ ਸੁਨੀਲ ਗਾਵਸਕਰ ਦਾ ਯੂ-ਟਰਨ

Tuesday, Mar 08, 2022 - 01:52 PM (IST)

ਸ਼ੇਨ ਵਾਰਨ ਨੂੰ ਲੈ ਕੇ ਦਿੱਤੇ ਬਿਆਨ 'ਤੇ ਸੁਨੀਲ ਗਾਵਸਕਰ ਦਾ ਯੂ-ਟਰਨ

ਨਵੀਂ ਦਿੱਲੀ- ਆਸਟ੍ਰੇਲੀਆ ਦੇ ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਦਾ 4 ਮਾਰਚ ਨੂੰ 52 ਸਾਲ ਦੀ ਉਮਰ ਵਿਚ ਅਚਾਨਕ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਦੇ ਬਾਅਦ ਪੂਰੇ ਕ੍ਰਿਕਟ ਜਗਤ ਵਿਚ ਸੋਗ ਦੀ ਸਹਿਰ ਦੌੜ ਗਈ ਸੀ। ਉਥੇ ਹੀ ਇਸ ਦੌਰਾਨ ਭਾਰਤ ਦੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਆਪਣੇ ਇਕ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਹਨ, ਜਿਸ 'ਚ ਉਨ੍ਹਾਂ ਨੇ ਸ਼ੇਨ ਵਾਰਨ ਦੀ ਬਜਾਏ ਮੁਥੱਈਆ ਮੁਰਲੀਧਰਨ ਨੂੰ ਸਰਵੋਤਮ ਸਪਿਨਰ ਕਿਹਾ ਸੀ। ਹਾਲਾਂਕਿ ਹੁਣ ਸੁਨੀਲ ਗਾਵਸਕਰ ਨੇ ਆਪਣੇ ਬਿਆਨ 'ਤੇ ਮਾਫ਼ੀ ਮੰਗੀ ਹੈ। 

ਸੁਨੀਲ ਗਾਵਸਕਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਵਾਰਨ ਨੂੰ ਸਭ ਤੋਂ ਮਹਾਨ ਕਹਿਣ ਤੋਂ ਇਨਕਾਰ ਕਰਨ 'ਤੇ ਅਫਸੋਸ ਜਤਾਉਂਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਤੁਲਨਾ ਕਰਨ ਦਾ ਸਹੀ ਸਮਾਂ ਨਹੀਂ ਸੀ। ਗਾਵਸਕਰ ਨੇ ਆਪਣੇ ਬਿਆਨ ਦੀ ਆਲੋਚਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਆਖਰਕਾਰ, ਇਹ ਸਵਾਲ ਨਹੀਂ ਪੁੱਛਿਆ ਜਾਣਾ ਚਾਹੀਦਾ ਸੀ ਅਤੇ ਮੈਨੂੰ ਇਸ ਦਾ ਜਵਾਬ ਨਹੀਂ ਦੇਣਾ ਚਾਹੀਦਾ ਸੀ, ਕਿਉਂਕਿ ਇਹ ਕਿਸੇ ਵੀ ਤੁਲਨਾ ਜਾਂ ਮੁਲਾਂਕਣ ਲਈ ਸਹੀ ਸਮਾਂ ਨਹੀਂ ਸੀ। ਅਸੀਂ ਦੋ ਮਹਾਨ ਖਿਡਾਰੀ ਗੁਆ ਦਿੱਤੇ। ਰਾਡ ਮਾਰਸ਼ ਅਤੇ ਸ਼ੇਨ ਵਾਰਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।' ਗਾਵਸਕਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਮਤਲਬ ਸਿਰਫ਼ ਇਮਾਨਦਾਰ ਰਾਏ ਦੇਣਾ ਸੀ। ਉਨ੍ਹਾਂ ਕਿਹਾ, 'ਟੀਵੀ 'ਤੇ, ਮੈਨੂੰ ਇਕ ਐਂਕਰ ਨੇ ਪੁੱਛਿਆ ਕਿ ਕੀ ਵਾਰਨ ਹੁਣ ਤੱਕ ਦੇ ਸਭ ਤੋਂ ਮਹਾਨ ਸਪਿਨਰ ਹਨ ਅਤੇ ਮੈਂ ਆਪਣੀ ਇਮਾਨਦਾਰ ਰਾਏ ਦਿੱਤੀ।' 

ਦੱਸ ਦੇਈਏ ਕਿ ਗਵਾਸਕਰ ਕੋਲੋਂ ਪੁੱਛਿਆ ਗਿਆ ਸੀ ਕਿ ਕੀ ਉਹ ਵਾਰਨ ਨੂੰ ਹੁਣ ਤੱਕ ਦਾ ਸਭ ਤੋਂ ਮਹਾਨ ਸਪਿਨਰ ਮੰਨਦੇ ਹਨ, ਜਿਸ 'ਤੇ ਗਾਵਸਕਰ ਨੇ ਕਿਹਾ ਸੀ ਕਿ ਉਹ ਭਾਰਤੀ ਸਪਿਨਰਾਂ ਅਤੇ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਨੂੰ ਵਾਰਨ ਤੋਂ ਉੱਪਰ ਰੱਖਣਗੇ। ਉਨ੍ਹਾਂ ਨੇ 'ਇੰਡੀਆ ਟੂਡੇ' ਨੂੰ ਦੱਸਿਆ, ''ਮੈਂ ਅਜਿਹਾ ਨਹੀਂ ਕਹਾਂਗਾ। ਗਾਵਸਕਰ ਨੇ ਕਿਹਾ, "ਮੇਰੇ ਖਿਆਲ ਵਿਚ, ਭਾਰਤੀ ਸਪਿਨਰ ਅਤੇ ਮੁਥੱਈਆ ਮੁਰਲੀਧਰਨ ਉਨ੍ਹਾਂ ਤੋਂ ਬਿਹਤਰ ਹਨ। ਇਸ ਦਾ ਕਾਰਨ ਇਹ ਹੈ ਕਿ ਭਾਰਤ ਦੇ ਖ਼ਿਲਾਫ਼ ਸ਼ੇਨ ਵਾਰਨ ਦਾ ਰਿਕਾਰਡ ਔਸਤ ਰਿਹਾ ਹੈ। ਉਨ੍ਹਾਂ ਨੇ ਭਾਰਤ ਵਿਚ ਨਾਗਪੁਰ ਵਿਚ ਸਿਰਫ਼ ਇਕ ਵਾਰ 5 ਵਿਕਟਾਂ ਲਈਆਂ ਸਨ।' ਗਾਵਸਕਰ ਨੇ ਕਿਹਾ, 'ਭਾਰਤੀ ਖਿਡਾਰੀਆਂ ਦੇ ਖ਼ਿਲਾਫ਼ ਉਨ੍ਹਾਂ ਨੂੰ ਜ਼ਿਆਦਾ ਸਫ਼ਲਤਾ ਨਹੀਂ ਮਿਲੀ, ਕਿਉਂਕਿ ਭਾਰਤੀ ਸਪਿਨ ਬਹੁਤ ਵਧੀਆ ਖੇਡਦੇ ਹਨ। ਇਸ ਲਈ ਮੈਂ ਉਨ੍ਹਾਂ ਨੂੰ ਮਹਾਨ ਨਹੀਂ ਕਹਾਂਗਾ। ਮੁਥੱਈਆ ਮੁਰਲੀਧਰਨ ਭਾਰਤ ਖ਼ਿਲਾਫ਼ ਜ਼ਿਆਦਾ ਸਫ਼ਲ ਰਹੇ ਹਨ। ਮੈਂ ਉਨ੍ਹਾਂ ਨੂੰ ਵਾਰਨ ਤੋਂ ਉੱਪਰ ਰੱਖਾਂਗਾ।'


author

cherry

Content Editor

Related News