ਸੁਆਰੇਜ਼ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ
Tuesday, Sep 03, 2024 - 11:10 AM (IST)
ਮੋਂਟੇਵੀਡੀਓ (ਉਰੂਗਵੇ)- ਉਰੂਗਵੇ ਦੇ ਤਜਰਬੇਕਾਰ ਸਟ੍ਰਾਈਕਰ ਲੁਈਸ ਸੁਆਰੇਜ਼ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲਿਵਰਪੂਲ ਅਤੇ ਬਾਰਸੀਲੋਨਾ ਲਈ ਖੇਡ ਚੁੱਕੇ ਇਸ 37 ਸਾਲਾ ਖਿਡਾਰੀ ਨੇ ਆਪਣੇ ਦੇਸ਼ ਲਈ 142 ਮੈਚਾਂ ਵਿਚ 69 ਗੋਲ ਕੀਤੇ, ਜੋ ਉਰੂਗਵੇ ਲਈ ਇਕ ਰਿਕਾਰਡ ਹੈ। ਉਹ ਸ਼ੁੱਕਰਵਾਰ ਨੂੰ ਪੈਰਾਗੁਏ ਦੇ ਖਿਲਾਫ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡੇਗਾ।
ਸੁਆਰੇਜ਼ ਨੇ ਸੋਮਵਾਰ ਨੂੰ ਸੈਂਟੇਨਾਰੀਓ ਸਟੇਡੀਅਮ 'ਚ ਪ੍ਰੈੱਸ ਕਾਨਫਰੰਸ 'ਚ ਕਿਹਾ, ''ਇਹ ਕਹਿਣਾ ਦੁਖਦਾਈ ਹੈ ਪਰ ਸ਼ੁੱਕਰਵਾਰ ਦਾ ਮੈਚ ਮੇਰੇ ਦੇਸ਼ ਲਈ ਆਖਰੀ ਮੈਚ ਹੋਵੇਗਾ। ਉਰੂਗਵੇ ਉਸ ਦਿਨ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਵਿੱਚ ਪੈਰਾਗੁਏ ਦੀ ਮੇਜ਼ਬਾਨੀ ਕਰੇਗਾ। ਸੁਆਰੇਜ਼ ਨੇ 2007 ਵਿੱਚ ਆਪਣੀ ਅੰਤਰਰਾਸ਼ਟਰੀ ਫੁੱਟਬਾਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਉਰੂਗਵੇ ਲਈ ਚਾਰ ਵਿਸ਼ਵ ਕੱਪ ਅਤੇ ਪੰਜ ਕੋਪਾ ਅਮਰੀਕਾ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ। ਉਹ ਕਲੱਬ ਪੱਧਰ 'ਤੇ ਖੇਡਣਾ ਜਾਰੀ ਰੱਖੇਗਾ। ਸੁਆਰੇਜ਼ ਇਸ ਸਮੇਂ ਇੰਟਰ ਮਿਆਮੀ ਕਲੱਬ ਨਾਲ ਜੁੜੇ ਹੋਏ ਹਨ।