ਮੈਡਲ ਜਿੱਤਣ ''ਤੇ ਨਾ ਤਾੜੀਆਂ ਦੀ ਗੂੰਜ ਸੁਣਦੀ ਹੈ ਅਤੇ ਨਾ ਹੀ ਖੁਸ਼ੀ ਬਿਆਨ ਕਰ ਸਕਦੈ ਸੁਮਿਤ

02/25/2020 11:30:17 AM

ਪਟਿਆਲਾ (ਪ੍ਰਤਿਭਾ) : ਦੇਸ਼ ਲਈ ਮੈਡਲ ਜਿੱਤਣ 'ਤੇ ਤਾੜੀਆਂ ਦੀ ਗੂੰਜ ਬੇਸ਼ੱਕ ਸੁਣਾਈ ਨਹੀਂ ਦਿੰਦੀ ਅਤੇ ਨਾ ਹੀ ਉਪਲਬਧੀ ਪ੍ਰਾਪਤ ਕਰਨ ਦੀ ਖੁਸ਼ੀ ਨੂੰ ਦੱਸਣ ਲਈ ਸ਼ਬਦਾਂ ਵਿਚ ਆਵਾਜ਼ ਦੇ ਸਕਦਾ ਹੈ ਪਰ ਫਿਰ ਵੀ ਪੈਰਾ ਰੈਸਲਰ ਸੁਮਿਤ ਧੱਈਆ ਦੇ ਸੁਪਨੇ ਬਹੁਤ ਵੱਡੇ ਹਨ। ਵਰਲਡ ਡੈੱਫ ਓਲੰਪਿਕਸ ਵਿਚ ਦੇਸ਼ ਲਈ ਕਾਂਸੀ ਦਾ ਤਮਗਾ ਜਿੱਤਣ ਵਾਲਾ ਡੈੱਫ ਅਤੇ ਡੰਬ ਰੈਸਲਰ ਸੁਮਿਤ ਬਿਨਾਂ ਬੋਲੇ ਅਤੇ ਸੁਣੇ ਆਪਣੀ ਇੱਛਾ ਨੂੰ ਦੱਸਦਾ ਹੈ। ਆਪਣੇ ਚਾਚਾ ਸੰਜੇ ਧੱਈਆ ਦੇ ਸਭ ਤੋਂ ਕਰੀਬ 23 ਸਾਲਾ ਇਸ ਰੈਸਲਰ ਦਾ ਕਹਿਣਾ ਹੈ ਕਿ ਕਾਸ਼ ਉਹ ਵੀ ਸੁਣ ਅਤੇ ਬੋਲ ਸਕਦਾ ਤਾਂ ਉਹ ਆਮ ਪਹਿਲਵਾਨਾਂ ਵਾਂਗ ਹੀ ਓਲੰਪਿਕ ਖੇਡਾਂ ਵਿਚ ਦੇਸ਼ ਲਈ ਮੈਡਲ ਲਿਆਉਂਦਾ। ਹਾਲਾਂਕਿ ਆਪਣੇ ਇਸ  ਸੁਪਨੇ ਨੂੰ ਉਹ ਹਕੀਕਤ ਵਿਚ ਬਦਲਣ ਲਈ ਓਲੰਪਿਕ ਗੇਮਜ਼ ਵਿਚ ਤਾਂ ਨਹੀਂ ਪਰ ਸਪੈਸ਼ਲ ਓਲੰਪਿਕ ਗੇਮਜ਼ (ਪੈਰਾ ਓਲੰਪਿਕਸ) ਵਿਚ ਦੇਸ਼ ਲਈ ਗੋਲਡ ਮੈਡਲ ਲਿਆਉਣਾ ਚਾਹੁੰਦਾ ਹੈ, ਜਿਹੜੀ ਕਿ ਅਗਲੇ ਸਾਲ ਹੋਣੀਆਂ ਹਨ।

ਸਪੈਸ਼ਲ ਕੈਟਾਗਰੀ ਵਿਚ ਰੈਸਲਰ ਸੁਮਿਤ ਹਰਿਆਣਾ ਦੇ ਇਕ ਮੱਧਵਰਗੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪਟਿਆਲਾ ਵਿਚ ਡੈੱਫ ਐਂਡ ਡੰਬ ਸਕੂਲ ਵਿਚ ਪੜ੍ਹਾਈ ਕਰ ਰਿਹਾ ਹੈ ਅਤੇ ਇਥੇ ਹੀ ਇਕ ਪ੍ਰਾਈਵੇਟ ਅਕੈਡਮੀ ਵਿਚ ਰੈਸਲਿੰਗ ਦੀ ਟ੍ਰੇਨਿੰਗ ਵੀ ਕੋਚ ਸੁਭਾਸ਼ ਮਲਿਕ ਤੋਂ ਲੈ ਰਿਹਾ ਹੈ। ਮਹਾਵੀਰ ਧੱਈਆ ਦੇ ਘਰ ਪੈਦਾ ਹੋਏ ਸੁਮਿਤ ਤੋਂ ਛੋਟੀ ਇਕ ਭੈਣ ਹੈ ਅਤੇ ਉਹ ਵੀ ਡੈੱਫ ਐਂਡ ਡੰਬ ਹੈ ਜਦਕਿ ਸਭ ਤੋਂ ਛੋਟੀ ਭੈਣ ਜਿਹੜੀ ਕਿ 9ਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਉਹ ਆਮ ਬੱਚਿਆਂ ਵਾਂਗ ਹੈ। ਬਚਪਨ ਤੋਂ ਹੀ ਸੁਣ ਅਤੇ ਬੋਲ ਨਾ ਸਕਣ ਕਾਰਣ ਪਰਿਵਾਰ ਵਾਲਿਆਂ ਨੂੰ ਬੇਟੇ ਦੀ ਚਿੰਤਾ ਹੋਈ ਕਿ ਉਸ ਦੇ ਭਵਿੱਖ ਦਾ ਕੀ ਹੋਵੇਗਾ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਸ ਪ੍ਰਤਿਭਾਸ਼ਾਲੀ ਬੇਟੇ ਨੂੰ ਪਹਿਲਵਾਨੀ  ਸ਼ੁਰੂ ਕਰਵਾ ਕੇ ਉਹ ਨਾ ਸਿਰਫ਼ ਬੇਟੇ ਲਈ ਚੰਗਾ ਸੋਚ ਰਹੇ ਹਨ ਸਗੋਂ ਇਹ ਬੇਟਾ ਅੱਗੇ ਚੱਲ ਕੇ ਉਨ੍ਹਾਂ ਦਾ ਨਾਂ  ਵੀ ਰੌਸ਼ਨ ਕਰੇਗਾ।  ਇੰਨਾ ਹੀ ਨਹੀਂ ਉਹ ਆਮ ਲੋਕਾਂ ਲਈ ਇਕ ਪ੍ਰੇਰਣਾਸਰੋਤ ਵੀ ਹੋਵੇਗਾ।

10 ਸਾਲ ਦੀ ਉਮਰ ਵਿਚ ਸ਼ੁਰੂ ਕੀਤੀ ਸੀ ਰੈਸਲਿੰਗ
ਸੁਮਿਤ ਦੇ ਤਾਇਆ ਅਤੇ ਚਾਚੇ ਦੇ ਪੁੱਤਰ ਪਹਿਲਵਾਨੀ ਕਰਦੇ ਸਨ ਅਤੇ ਨੈਸ਼ਨਲ ਮੈਡਲਿਸਟ ਵੀ ਰਹੇ ਹਨ। ਉਨ੍ਹਾਂ ਨੂੰ ਦੇਖਦਿਆਂ ਹੀ ਪਿਤਾ ਮਹਾਵੀਰ ਅਤੇ ਚਾਚੇ ਸੰਜੇ ਨੇ 10 ਸਾਲ ਦੀ ਉਮਰ ਵਿਚ ਉਸ ਨੂੰ ਪਹਿਲਵਾਨੀ ਸਿਖਾਉਣੀ ਸ਼ੁਰੂ ਕੀਤੀ ਕਿਉਂਕਿ ਇਹ ਇਕ ਅਜਿਹੀ ਖੇਡ ਹੈ, ਜਿਸ ਵਿਚ ਸੁਣਨ ਅਤੇ ਬੋਲਣ ਦੀ ਜ਼ਿਆਦਾ ਜ਼ਰੂਰਤ ਨਹੀਂ  ਪੈਂਦੀ  ਸਗੋਂ ਐਕਸ਼ਨ ਦੀ ਖੇਡ ਜ਼ਿਆਦਾ ਹੈ ।3 ਸਾਲ ਹਰਿਆਣਾ ਵਿਚ ਹੀ ਪਹਿਲਵਾਨੀ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਸੁਮਿਤ ਨੂੰ ਉਸ ਦੇ ਚਾਚੇ ਨੇ ਪਟਿਆਲਾ ਵਿਚ ਟ੍ਰੇਨਿੰਗ ਸ਼ੁਰੂ ਕਰਵਾ ਦਿੱਤੀ ਅਤੇ ਇਥੇ ਡੈੱਫ ਐਂਡ ਡੰਬ ਸਕੂਲ ਸੈਫਦੀਪੁਰ ਵਿਚ ਦਾਖਲਾ ਵੀ ਕਰਵਾਇਆ।

3 ਜੂਨੀਅਰ ਅਤੇ 3 ਸੀਨੀਅਰ ਨੈਸ਼ਨਲ ਮੈਡਲ
ਬੇਸ਼ੱਕ ਸੁਮਿਤ ਸੁਣ ਤੇ ਬੋਲ ਨਹੀਂ ਸਕਦੇ ਪਰ ਵਿਰੋਧੀ ਪਹਿਲਵਾਨਾਂ  ਨੂੰ ਹਰਾਉਣਾ ਚੰਗੀ ਤਰ੍ਹਾਂ ਜਾਣਦਾ ਹੈ। ਇਹੋ ਕਾਰਣ ਸੀ ਕਿ ਜਿਸ ਬੱਚੇ ਦੇ ਭਵਿੱਖ ਦੀ ਚਿੰਤਾ ਉਸ ਦਾ ਪਿਤਾ ਕਰ ਰਿਹਾ ਸੀ, ਉਸ  ਨੇ 3 ਵਾਰ ਜੂਨੀਅਰ ਨੈਸ਼ਨਲ ਵਿਚ ਲਗਾਤਾਰ ਗੋਲਡ ਜਿੱਤਿਆ। ਫਿਰ ਉਸ ਤੋਂ ਬਾਅਦ ਸੀਨੀਅਰ ਕੈਟਾਗਰੀ ਵਿਚ ਵੀ ਲਗਾਤਾਰ 3 ਵਾਰ ਗੋਲਡ ਜਿੱਤਿਆ।

ਵਰਲਡ ਚੈਂਪੀਅਨਸ਼ਿਪ ਅਗਲਾ ਟੀਚਾ
ਨੈਸ਼ਨਲ ਤੋਂ ਬਾਅਦ ਸੁਮਿਤ  ਦਾ ਇਸੇ ਸਾਲ ਜੂਨ ਵਿਚ ਹੋਣ ਵਾਲੀ ਵਰਲਡ ਡੈੱਫ ਚੈਂਪੀਅਨਸ਼ਿਪ (ਤੁਰਕੀ) ਅਗਲਾ ਟਾਰਗੈੱਟ ਹੈ। ਉਹ  2017 ਵਿਚ  ਵੀ ਤੁਰਕੀ ਵਿਚ ਹੀ ਵਰਲਡ ਡੈੱਫ ਓਲੰਪਿਕਸ ਵਿਚ ਕਾਂਸੀ ਦਾ ਤਮਗਾ ਜਿੱਤ ਚੁੱਕਾ ਹੈ। ਹੁਣ ਇਸ ਰੰਗ ਨੂੰ ਬਦਲਣ ਲਈ ਸੁਮਿਤ ਮਿਹਨਤ ਕਰ ਰਿਹਾ ਹੈ।


Related News