ਵੱਡੀ ਖ਼ਬਰ : ਟੈਨਿਸ ਖਿਡਾਰਨ ਦਾ ਪਿਤਾ ਵਲੋਂ ਗੋਲੀਆਂ ਮਾਰ ਕੇ ਕਤਲ
Thursday, Jul 10, 2025 - 07:10 PM (IST)

ਸਪੋਰਟਸ ਡੈਸਕ- ਖੇਡ ਜਗਤ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਨੇ ਹੀ ਆਪਣੀ ਖਿਡਾਰਣ ਧੀ ਨੂੰ ਲਾਇਸੈਂਸੀ ਪਿਸਤੌਲ ਨਾਲ ਤਿੰਨ ਗੋਲੀਆਂ ਮਾਰ ਕੇ ਕੀਤਾ। ਮ੍ਰਿਤਕ ਖਿਡਾਰੀ ਦੀ ਪਛਾਣ ਰਾਧਿਕਾ ਯਾਦਵ ਵਜੋਂ ਹੋਈ ਹੈ। ਉਹ ਇੱਕ ਰਾਜ ਪੱਧਰੀ ਟੈਨਿਸ ਖਿਡਾਰੀ ਸੀ। ਇਹ ਘਟਨਾ ਟੈਨਿਸ ਖਿਡਾਰੀ ਦੇ ਘਰ ਵਿੱਚ ਹੀ ਵਾਪਰੀ। ਪਿਤਾ ਨੇ ਸੁਸ਼ਾਂਤ ਲੋਕ ਫੇਜ਼ 2 ਦੇ ਜੀ ਬਲਾਕ ਵਿੱਚ ਸਥਿਤ ਆਪਣੇ ਘਰ ਵਿੱਚ ਆਪਣੀ ਧੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਕਤਲ ਦੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਰਵਾਰ ਸਵੇਰੇ ਲਗਭਗ 10.30 ਵਜੇ 25 ਸਾਲਾ ਟੈਨਿਸ ਖਿਡਾਰੀ ਦੇ ਪਿਤਾ ਨੇ ਆਪਣੀ ਧੀ ਨੂੰ ਗੋਲੀ ਮਾਰ ਦਿੱਤੀ। ਟੈਨਿਸ ਖਿਡਾਰੀ ਆਪਣੇ ਪਰਿਵਾਰ ਨਾਲ ਇੱਥੇ ਸੈਕਟਰ 57 ਵਿੱਚ ਪਹਿਲੀ ਮੰਜ਼ਿਲ 'ਤੇ ਰਹਿੰਦੀ ਸੀ। ਤਿੰਨ ਵਾਰ ਗੋਲੀ ਲੱਗਣ ਤੋਂ ਬਾਅਦ ਰਾਧਿਕਾ ਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਟੈਨਿਸ ਅਕੈਡਮੀ ਚਲਾਉਂਦੀ ਸੀ ਖਿਡਾਰਨ
ਦੱਸਿਆ ਜਾਂਦਾ ਹੈ ਕਿਰਾਧਿਕਾ ਇੱਕ ਮਸ਼ਹੂਰ ਰਾਜ ਪੱਧਰੀ ਖਿਡਾਰਨ ਸੀ। ਉਸਨੇ ਕਈ ਤਗਮੇ ਜਿੱਤੇ ਸਨ। ਉਹ ਇੱਕ ਟੈਨਿਸ ਅਕੈਡਮੀ ਵੀ ਚਲਾਉਂਦੀ ਸੀ, ਜਿੱਥੇ ਉਹ ਦੂਜੇ ਬੱਚਿਆਂ ਨੂੰ ਟੈਨਿਸ ਸਿਖਾਉਂਦੀ ਸੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਟੈਨਿਸ ਖਿਡਾਰੀ ਦਾ ਕਤਲ ਕਿਉਂ ਕੀਤਾ ਗਿਆ। ਗੁਰੂਗ੍ਰਾਮ ਸੈਕਟਰ 56 ਦੇ ਪੁਲਸ ਅਧਿਕਾਰੀ ਦੇ ਅਨੁਸਾਰ, ਉਨ੍ਹਾਂ ਨੂੰ ਵੀਰਵਾਰ ਸਵੇਰੇ ਸੂਚਨਾ ਮਿਲੀ ਕਿ 25 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਲੜਕੀ ਦੇ ਚਾਚੇ ਨਾਲ ਗੱਲ ਕੀਤੀ, ਪਰ ਉਨ੍ਹਾਂ ਨੇ ਕੁਝ ਨਹੀਂ ਦੱਸਿਆ। ਮੌਕੇ 'ਤੇ ਹੀ ਪੁਲਸ ਨੂੰ ਪਤਾ ਲੱਗਾ ਕਿ ਲੜਕੀ ਦੇ ਪਿਤਾ ਨੇ ਉਸ ਨੂੰ ਗੋਲੀ ਮਾਰ ਦਿੱਤੀ ਹੈ। ਉਸ ਦੇ ਤਿੰਨ ਗੋਲੀਆਂ ਲੱਗੀਆਂ ਸਨ। ਪੁਲਸ ਨੇ ਕਤਲ ਵਿੱਚ ਵਰਤਿਆ ਗਿਆ ਰਿਵਾਲਵਰ ਜ਼ਬਤ ਕਰ ਲਿਆ ਹੈ।
ਇਸ ਗੱਲ ਨੂੰ ਲੈ ਕੇ ਹੋਇਆ ਝਗੜਾ
ਮੀਡੀਆ ਰਿਪੋਰਟਾਂ ਅਨੁਸਾਰ ਰਾਧਿਕਾ ਯਾਦਵ ਅਤੇ ਉਸਦੇ ਪਿਤਾ ਵਿਚਕਾਰ ਰੀਲ ਬਣਾਉਣ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਪਿਤਾ ਨੇ ਆਪਣੀ ਧੀ ਦੀ ਹੱਤਿਆ ਕਰ ਦਿੱਤੀ। 23 ਮਾਰਚ, 2000 ਨੂੰ ਜਨਮੀ ਰਾਧਿਕਾ ਦੀ ਡਬਲਜ਼ ਆਈਟੀਐਫ ਰੇਟਿੰਗ 113 ਸੀ। ਉਹ ਲੰਬੇ ਸਮੇਂ ਤੱਕ ਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ ਰੈਂਕਿੰਗ ਵਿੱਚ ਚੋਟੀ ਦੇ 200 ਵਿੱਚ ਬਣੀ ਸੀ।