ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਕੋਈ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਖੇਡਾਂ ਦੀ ਮਹੱਤਤਾ ਘਟੇ : ਠਾਕੁਰ
Wednesday, May 31, 2023 - 06:25 PM (IST)
ਨਵੀਂ ਦਿੱਲੀ- ਪ੍ਰਦਰਸ਼ਨਕਾਰੀ ਪਹਿਲਵਾਨਾਂ ਵੱਲੋਂ ਹਰਿਦੁਆਰ ਵਿੱਚ ਗੰਗਾ ਨਦੀ ਵਿੱਚ ਆਪਣੇ ਤਮਗੇ ਵਹਾਉਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਪਹਿਲਵਾਨਾਂ ਨੂੰ ਕਿਹਾ ਕਿ ਉਹ ਖੇਡਾਂ ਦੀ ਮਹੱਤਤਾ ਨੂੰ ਘੱਟ ਕਰਨ ਵਾਲਾ ਕੋਈ ਵੀ ਕਦਮ ਨਾ ਚੁੱਕਣ। ਠਾਕੁਰ ਨੇ ਪਹਿਲਵਾਨਾਂ ਨੂੰ ਸੰਜਮ ਰੱਖਣ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਦੋਸ਼ਾਂ ਦੀ ਜਾਂਚ 'ਤੇ ਭਰੋਸਾ ਕਰਨ ਦੀ ਵੀ ਅਪੀਲ ਕੀਤੀ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਖੇਡ ਮੰਤਰੀ ਨੇ ਕਿਹਾ, “ਮੈਂ ਪਹਿਲਵਾਨਾਂ ਨੂੰ ਜਾਂਚ ਦੇ ਨਤੀਜੇ ਆਉਣ ਤੱਕ ਸਬਰ ਰੱਖਣ ਦੀ ਅਪੀਲ ਕਰਦਾ ਹਾਂ। ਮੈਂ ਉਨ੍ਹਾਂ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਅਜਿਹਾ ਕੋਈ ਕਦਮ ਨਾ ਚੁੱਕਣ ਜਿਸ ਨਾਲ ਖੇਡ ਦੀ ਮਹੱਤਤਾ ਘਟੇ।''
ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਸਮੇਤ ਦੇਸ਼ ਦੇ ਚੋਟੀ ਦੇ ਪਹਿਲਵਾਨ ਮੰਗਲਵਾਰ ਨੂੰ ਗੰਗਾ ਨਦੀ 'ਚ ਆਪਣੇ ਤਮਗੇ ਵਹਾਉਣ ਸੈਂਕੜੇ ਸਮਰਥਕਾਂ ਨਾਲ ‘ਹਰਿ ਕੀ ਪੌੜੀ’ ਪਹੁੰਚੇਸਨ ਪਰ ਖਾਪ ਅਤੇ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਮਨਾ ਲਿਆ ਸੀ। ਪ੍ਰਦਰਸ਼ਨਕਾਰੀ ਪਹਿਲਵਾਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ, ਜਿਸ 'ਤੇ ਕਈ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।