ਸਪੇਨ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ 3-1 ਨਾਲ ਹਰਾਇਆ

Sunday, Feb 16, 2025 - 12:44 PM (IST)

ਸਪੇਨ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ 3-1 ਨਾਲ ਹਰਾਇਆ

ਸਪੋਰਟਸ ਡੈਸਕ- ਸਪੇਨ ਨੇ ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਮੈਚ ਵਿਚ ਮਿਲੀ ਹਾਰ ਦਾ ਬਦਲਾ ਲੈਂਦੇ ਹੋਏ ਭਾਰਤ ਨੂੰ ਐੱਫ. ਆਈ. ਐੱਚ. ਪੁਰਸ਼ ਪ੍ਰੋ ਲੀਗ ਮੈਚ ਵਿਚ ਸ਼ਨੀਵਾਰ ਨੂੰ 3-1 ਨਾਲ ਹਰਾ ਦਿੱਤਾ। ਸੈਸ਼ਨ ਦੇ ਪਹਿਲੇ ਪ੍ਰੋ ਲੀਗ ਮੈਚ ਵਿਚ ਭਾਰਤੀ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਸਪੇਨ ਲਈ ਬੋਰਜ ਲਾਕਲੇ (28ਵਾਂ ਮਿੰਟ), ਇਗ੍ਰਾਸ਼ਿਓ ਕੋਬੋਸ (38ਵਾਂ) ਤੇ ਬਰੂਨੋ ਅਵਿਲਾ (56ਵਾਂ ਮਿੰਟ) ਨੇ ਗੋਲ ਕੀਤਾ। ਭਾਰਤ ਲਈ ਇਕਲੌਤਾ ਗੋਲ 25ਵੇਂ ਮਿੰਟ ਵਿਚ ਸੁਖਜੀਤ ਸਿੰਘ ਨੇ ਕੀਤਾ।

ਪਹਿਲਾ ਕੁਆਰਟਰ ਇਕ ਦੂਜੇ ਦੀ ਤਾਕਤ ਨੂੰ ਅਜਮਾਉਣ ਦਾ ਰਿਹਾ। ਅਭਿਸ਼ੇਕ ਨੇ ਇਕ ਮੌਕਾ ਲਲਿਤ ਉਪਾਧਿਆਏ ਲਈ ਬਣਾਇਆ ਪਰ ਇਸ ਤੋਂ ਇਲਾਵਾ ਭਾਰਤੀ ਟੀਮ ਕੋਈ ਹਮਲਾ ਨਹੀਂ ਕਰ ਸਕੀ। ਦੂਜੇ ਪਾਸੇ ਭਾਰਤੀ ਗੋਲਕੀਪਰ ਕ੍ਰਿਸ਼ਨ ਬਹਾਦੁਰ ਨੂੰ ਵੀ ਪਹਿਲੇ ਕੁਆਰਟਰ ਵਿਚ ਮਿਹਨਤ ਨਹੀਂ ਕਰਨੀ ਪਈ ਕਿਉਂਕਿ ਸਪੈਨਿਸ਼ ਖਿਡਾਰੀਆਂ ਦੀਆਂ ਸ਼ਾਟਾਂ ਸਟੀਕ ਨਹੀਂ ਲੱਗੀਆਂ।

ਭਾਰਤ ਨੇ ਦੂਜੇ ਕੁਆਰਟਰ ਵਿਚ ਗੋਲਕੀਪਰ ਸੂਰਜ ਕਰਕੇਰਾ ਨੂੰ ਉਤਾਰਿਆ ਤੇ ਉਸ ਨੇ ਆਉਂਦੇ ਹੀ ਸਪੇਨ ਦਾ ਇਕ ਗੋਲ ਬਚਾਇਆ। ਸੁਖਜੀਤ ਨੇ 25ਵੇਂ ਮਿੰਟ ਵਿਚ ਮੈਚ ਦਾ ਪਹਿਲਾ ਗੋਲ ਕੀਤਾ, ਜਿਸ ਨੂੰ ਸੱਜੇ ਪਾਸਿਓਂ ਫਲੈਂਕ ਤੋਂ ਜਰਮਨਪ੍ਰੀਤ ਸਿੰਘ ਨੇ ਪਾਸ ਦਿੱਤਾ ਸੀ। ਉਹ ਪਹਿਲੀ ਕੋਸ਼ਿਸ਼ ਵਿਚ ਇਸ ਨੂੰ ਟ੍ਰੈਪ ਕਰਨ ਵਿਚ ਅਸਫਲ ਰਿਹਾ ਪਰ ਤੇਜ਼ੀ ਨਾਲ ਦਮਦਾਰ ਰਿਵਰਸ ਹਿੱਟ ’ਤੇ ਸਪੈਨਿਸ਼ ਗੋਲਕੀਪਰ ਨੂੰ ਝਕਾਨੀ ਦੇ ਕੇ ਗੋਲ ਕੀਤਾ।

3 ਮਿੰਟ ਬਾਅਦ ਸਪੇਨ ਨੇ ਬਰਾਬਰੀ ਦਾ ਗੋਲ ਕੀਤਾ। ਭਾਰਤੀ ਟੀਮ ਦੇ ਕਮਜ਼ੋਰ ਡਿਫੈਂਸ ਦਾ ਫਾਇਦਾ ਚੁੱਕਦੇ ਹੋਏ ਤੀਜੇ ਕੁਆਰਟਰ ਵਿਚ ਇਗ੍ਰਾਸ਼ਿਓ ਨੇ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਭਾਰਤ ਨੇ ਤੀਜੇ ਤੇ ਚੌਥੇ ਕੁਆਰਟਰ ਵਿਚ ਕਈ ਪੈਨਲਟੀ ਕਾਰਨਰ ਗੁਆਏ। ਆਖਰੀ ਸੀਟੀ ਵੱਜਣ ਤੋਂ ਚਾਰ ਮਿੰਟ ਪਹਿਲਾਂ ਹਰਮਨਪ੍ਰੀਤ ਦੀ ਗਲਤੀ ਨਾਲ ਮਿਲੇ ਪੈਨਲਟੀ ਕਾਰਨਰ ’ਤੇ ਬਰੂਨੋ ਨੇ ਸਪੇਨ ਲਈ ਤੀਜਾ ਗੋਲ ਕੀਤਾ।       


author

Tarsem Singh

Content Editor

Related News