ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਦੱਖਣੀ ਅਫਰੀਕਾ ਨੇ ਦੋ ਮੈਚਾਂ ਦੀ ਟੈਸਟ ਲੜੀ ਕੀਤੀ ਬਰਾਬਰ

Thursday, Oct 23, 2025 - 08:32 PM (IST)

ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਦੱਖਣੀ ਅਫਰੀਕਾ ਨੇ ਦੋ ਮੈਚਾਂ ਦੀ ਟੈਸਟ ਲੜੀ ਕੀਤੀ ਬਰਾਬਰ

ਰਾਵਲਪਿੰਡੀ– ਆਫ ਸਪਿੰਨਰ ਸਾਈਮਨ ਹਾਰਮਰ ਦੀਆਂ 6 ਵਿਕਟਾਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਵੀਰਵਾਰ ਨੂੰ ਇੱਥੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਪਾਕਿਸਤਾਨ ਨੇ ਲਾਹੌਰ ਵਿਚ ਪਹਿਲਾ ਟੈਸਟ ਮੈਚ 4 ਦਿਨਾਂ ਦੇ ਅੰਦਰ 93 ਦੌੜਾਂ ਨਾਲ ਜਿੱਤਿਆ ਸੀ ਜਦਕਿ ਰਾਵਲਪਿੰਡੀ ਵਿਚ ਹਾਰਮਰ ਨੇ 50 ਦੌੜਾਂ ’ਤੇ 6 ਵਿਕਟਾਂ ਲੈ ਕੇ ਪਾਕਿਸਤਾਨ ਨੂੰ ਦੂਜੀ ਪਾਰੀ 'ਚ 138 ਦੌੜਾਂ ’ਤੇ ਸਮੇਟ ਕੇ ਦੱਖਣੀ ਅਫਰੀਕਾ ਦੀ ਜਿੱਤ ਦੀ ਨੀਂਹ ਰੱਖੀ।ਦੱਖਣੀ ਅਫਰੀਕਾ ਨੂੰ 68 ਦੌੜਾਂ ਦਾ ਟੀਚਾ ਮਿਲਿਆ ਤੇ ਵਿਸ਼ਵ ਟੈਸਟ ਚੈਂਪੀਅਨ ਟੀਮ ਨੇ 12.3 ਓਵਰਾਂ ਵਿਚ 2 ਵਿਕਟਾਂ ’ਤੇ 73 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।ਹਾਰਮਰ ਤੇ ਸੱਟ ਕਾਰਨ ਪਹਿਲੇ ਟੈਸਟ ਵਿਚੋਂ ਬਾਹਰ ਰਹੇ ਖੱਬੇ ਹੱਥ ਦੇ ਸਪਿੰਨਰ ਕੇਸ਼ਵ ਮਹਾਰਾਜ ਨੇ ਮੈਚ ਵਿਚ ਮਿਲ ਕੇ 17 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੀ ਜਿੱਤ ਦੀ ਰਾਹ ਬਣਾਈ।

ਟੀਚੇ ਦਾ ਪਿੱਛਾ ਕਰਦੇ ਹੋਏ ਕਪਤਾਨ ਐਡਨ ਮਾਰਕ੍ਰਾਮ ਨੇ 4 ਗੇਂਦਾਂ ਵਿਚ 8 ਚੌਕਿਆਂ ਦੀ ਮਦਦ ਨਾਲ 42 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਆਸਾਨ ਜਿੱਤ ਦਿਵਾਈ। ਜਦੋਂ ਟੀਮ ਨੂੰ ਸਿਰਫ 4 ਦੌੜਾਂ ਦੀ ਲੋੜ ਸੀ ਤਦ ਨੋਮਾਨ ਅਲੀ ਨੇ ਉਸ ਨੂੰ ਐੱਲ. ਬੀ. ਡਬਲਯੂ. ਕਰ ਦਿੱਤਾ। ਦੱਖਣੀ ਅਫਰੀਕਾ ਦੀ 404 ਦੌੜਾਂ ਦੀ ਪਹਿਲੀ ਪਾਰੀ ਵਿਚ ਅਰਧ ਸੈਂਕੜਾ ਲਾਣਉਣ ਵਾਲੇ 4 ਖਿਡਾਰੀਆਂ ਵਿਚੋਂ ਇਕ ਟ੍ਰਿਸਟਨ ਸਟੱਬਸ ਖਾਤਾ ਖੋਲ੍ਹੇ ਬਿਨਾਂ ਨੋਮਾਨ ਦੀ ਗੇਂਦ ’ਤੇ ਸਲਿੱਪ ਵਿਚ ਕੈਚ ਦੇ ਬੈਠਾ, ਜਿਸ ਤੋਂ ਬਾਅਦ ਸਲਾਮੀ ਬੱਲੇਬਾਜ਼ ਰਿਆਨ ਰਿਕਲਟਨ (ਅਜੇਤੂ 25) ਨੇ ਸਾਜਿਦ ਖਾਨ ’ਤੇ ਛੱਕਾ ਲਾ ਕੇ ਦੱਖਣੀ ਅਫਰੀਕਾ ਨੂੰ ਟੀਚੇ ਤੱਕ ਪਹੁੰਚਾਇਆ।


author

Hardeep Kumar

Content Editor

Related News