RSA vs ENG : ਦੱ. ਅਫਰੀਕਾ ਨੇ ਇੰਗਲੈਂਡ ਨੂੰ ਪਹਿਲੇ ਟੈਸਟ ਮੈਚ 'ਚ 107 ਦੌੜਾਂ ਨਾਲ ਹਰਾਇਆ

Sunday, Dec 29, 2019 - 08:28 PM (IST)

RSA vs ENG : ਦੱ. ਅਫਰੀਕਾ ਨੇ ਇੰਗਲੈਂਡ ਨੂੰ ਪਹਿਲੇ ਟੈਸਟ ਮੈਚ 'ਚ 107 ਦੌੜਾਂ ਨਾਲ ਹਰਾਇਆ

ਸੈਂਚੁਰੀਅਨ— ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ (103 ਦੌੜਾਂ 'ਤੇ 4 ਵਿਕਟਾਂ) ਤੇ ਐਨਰਿਚ ਨੋਰਟਤਜੇ (56 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਹੀ ਦਿਨ ਐਤਵਾਰ ਨੂੰ 107 ਦੌੜਾਂ ਨਾਲ ਹਰਾ ਕੇ 4 ਟੈਸਟ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਇਹ ਪਹਿਲਾ ਮੌਕਾ ਹੈ ਜਦੋਂ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਬਾਕਸਿੰਗ ਡੇਅ ਟੈਸਟ ਵਿਚ ਹਰਾਇਆ ਹੈ।

PunjabKesari

ਇੰਗਲੈਂਡ ਨੇ ਮੇਜ਼ਬਾਨ ਟੀਮ ਤੋਂ ਮਿਲੇ 376 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦਿਆਂ ਇਕ ਵਿਕਟ 'ਤੇ 121 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਉਸਦੀ ਦੂਜੀ ਪਾਰੀ 268 ਦੌੜਾਂ 'ਤੇ ਸਿਮਟ ਗਈ। ਮੈਚ ਵਿਚ 95 ਅਤੇ 34 ਦੌੜਾਂ ਬਣਾਉਣ ਵਾਲੇ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕੌਕ  ਨੂੰ ਮੈਨ ਆਫ ਦਿ ਮੈਚ ਦਾ ਐਵਾਰਡ ਮਿਲਿਆ। ਦੱਖਣੀ ਅਫਰੀਕਾ ਨੇ ਇਸ ਤਰ੍ਹਾਂ ਸੈਂਚੁਰੀਅਨ ਵਿਚ ਲਗਾਤਾਰ 6 ਟੈਸਟ ਜਿੱਤ ਲਏ ਹਨ ਜਦਕਿ ਇੰਗਲੈਂਡ ਨੇ ਵਿਦੇਸ਼ੀ ਧਰਤੀ 'ਤੇ ਪਿਛਲੀਆਂ 6 ਸੀਰੀਜ਼ ਦੇ ਪਹਿਲੇ ਟੈਸਟਾਂ ਵਿਚੋਂ 5 ਗੁਆਏ ਹਨ। ਸੈਂਚੁਰੀਅਨ ਵਿਚ ਇੰਗਲੈਂਡ ਨੇ 6 ਮੁਕਾਬਲਿਆਂ ਵਿਚ ਦੂਜੀ ਵਾਰ ਮੈਚ ਗੁਆਏ ਹਨ।
ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ 284 ਦੌੜਾਂ ਬਣਾਈਆਂ ਸਨ ਜਦਕਿ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿਚ 181 ਦੌੜਾਂ 'ਤੇ ਸਿਮਟ ਗਈ ਸੀ। ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ਵਿਚ 103 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਮਿਲੀ ਸੀ। ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿਚ 272 ਦੌੜਾਂ ਬਣਾਈਆਂ ਸਨ। ਇੰਗਲੈਂਡ ਨੇ ਟੀਚੇ ਦਾ ਪਿੱਛਾ ਕਰਦਿਆਂ 92 ਦੌੜਾਂ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਚੌਥੇ ਦਿਨ ਇੰਗਲੈਂਡ ਦੀ ਟੀਮ ਲੜਖੜਾ ਗਈ ਤੇ ਦੱਖਣੀ ਅਫਰੀਕੀ ਗੇਂਦਬਾਜ਼ਾਂ ਦੇ ਸਾਹਮਣੇ ਸਮਰਪਣ ਕਰ ਗਈ। ਇੰਗਲੈਂਡ ਵਲੋਂ ਰੋਰੀ ਬਰਨਸ ਨੇ ਸਭ ਤੋਂ ਵੱਧ 84, ਕਪਤਾਨ ਜੋ ਰੂਟ ਨੇ 48, ਜੋ ਡੈਨਲੀ ਨੇ 31 ਤੇ ਜੋਸ ਬਟਲਰ ਨੇ 22 ਦੌੜਾਂ ਬਣਾਈਆਂ।

PunjabKesari


author

Gurdeep Singh

Content Editor

Related News