ਮੌਜੂਦਾ WBBL ਚੈਂਪੀਅਨ ਐਡੀਲੇਡ ਸਟ੍ਰਾਈਕਰਜ਼ ਲਈ ਖੇਡੇਗੀ ਸਮ੍ਰਿਤੀ ਮੰਧਾਨਾ

Wednesday, Aug 28, 2024 - 11:12 AM (IST)

ਮੌਜੂਦਾ WBBL ਚੈਂਪੀਅਨ ਐਡੀਲੇਡ ਸਟ੍ਰਾਈਕਰਜ਼ ਲਈ ਖੇਡੇਗੀ ਸਮ੍ਰਿਤੀ ਮੰਧਾਨਾ

ਐਡੀਲੇਡ- ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਮਹਿਲਾ ਬਿਗ ਬੈਸ਼ ਲੀਗ (ਡਬਲਯੂ. ਬੀ. ਬੀ. ਐੱਲ.) ਦੇ ਆਗਾਮੀ ਸੈਸ਼ਨ ’ਚ ਮੌਜੂਦਾ ਚੈਂਪੀਅਨ ਐਡੀਲੇਡ ਸਟ੍ਰਾਈਕਰਜ਼ ਲਈ ਖੇਡੇਗੀ। ਇਹ ਭਾਰਤੀ ਸਲਾਮੀ ਬੱਲੇਬਾਜ਼ ਇਸ ਤੋਂ ਪਹਿਲਾਂ 3 ਡਬਲਯੂ. ਬੀ. ਬੀ. ਐੱਲ. ਟੀਮਾਂ ਬ੍ਰਿਸਬੇਨ ਹੀਟ, ਸਿਡਨੀ ਥੰਡਰ ਅਤੇ ਹੋਬਾਰਟ ਹਰੀਕੇਨਜ਼ ਲਈ ਖੇਡ ਚੁੱਕੀ ਹੈ। ਉਹ ਸੀਜ਼ਨ ਤੋਂ ਪਹਿਲਾਂ ਵਿਦੇਸ਼ੀ ਖਿਡਾਰੀਆਂ ਨੂੰ ਸਾਈਨ ਕਰਨ ਦੇ ਲੀਗ ਦੇ ਨਿਯਮਾਂ ਦੇ ਹਿੱਸੇ ਵਜੋਂ ਐਤਵਾਰ ਦੇ ਡਰਾਫਟ ਤੋਂ ਪਹਿਲਾਂ ਸਟ੍ਰਾਈਕਰਜ਼ ’ਚ ਸ਼ਾਮਲ ਹੋਈ।
ਮੰਧਾਨਾ ਹਾਲਾਂਕਿ ਲੀਗ ਦੇ ਸ਼ੁਰੂਆਤੀ ਮੈਚਾਂ ’ਚ ਨਹੀਂ ਖੇਡ ਸਕੇਗੀ ਕਿਉਂਕਿ ਭਾਰਤ ਅਕਤੂਬਰ ਦੇ ਅਖੀਰ ’ਚ ਨਿਊਜ਼ੀਲੈਂਡ ਨਾਲ 3 ਵਨ ਡੇ ਮੈਚਾਂ ਦੀ ਮੇਜ਼ਬਾਨੀ ਕਰੇਗਾ। ਡਬਲਯੂ. ਬੀ. ਬੀ. ਐੱਲ. 27 ਅਕਤੂਬਰ ਤੋਂ ਸ਼ੁਰੂ ਹੋਵੇਗਾ। ਭਾਰਤ ਨੇ 1 ਦਸੰਬਰ ਨੂੰ ਹੋਣ ਵਾਲੇ ਡਬਲਯੂ. ਬੀ. ਬੀ. ਐੱਲ. ਫਾਈਨਲ ਤੋਂ ਤੁਰੰਤ ਬਾਅਦ ਆਸਟ੍ਰੇਲੀਆ ਦੇ ਖਿਲਾਫ 3 ਵਨਡੇ ਮੈਚ ਵੀ ਖੇਡਣੇ ਹਨ। ਸਟ੍ਰਾਈਕਰਜ਼ ਦੀ ਕਪਤਾਨ ਟਾਹਲੀਆ ਮੈਕਗ੍ਰਾ ਨੇ ਦੱਸਿਆ,“ਅਸੀਂ ਪਿਛਲੇ ਕੁਝ ਸਾਲਾਂ ਤੋਂ ਉਸ ਨੂੰ ਟੀਮ ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਸ ਦੀ ਬੱਲੇਬਾਜ਼ੀ ਸ਼ਾਨਦਾਰ ਹੈ। ਉਹ ਇਕ ਸ਼ਾਨਦਾਰ ਬੱਲੇਬਾਜ਼ ਹੈ ਅਤੇ ਥੋੜ੍ਹੇ ਸਮੇਂ ’ਚ ਮੈਚ ਦਾ ਪਾਸਾ ਪਲਟਨ ਦੀ ਸਮਰੱਥਾ ਰੱਖਦੀ ਹੈ।’
 


author

Aarti dhillon

Content Editor

Related News