Singapore Open : ਭਾਰਤੀ ਸ਼ਟਲਰ ਸਿੰਧੂ, ਸਾਇਨਾ ਤੇ ਪ੍ਰਣਯ ਕੁਆਰਟਰ ਫਾਈਨਲ 'ਚ
Friday, Jul 15, 2022 - 01:38 PM (IST)
ਸਿੰਗਾਪੁਰ- ਓਲੰਪਿਕ 'ਚ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਨੇ ਲੈਅ ਵਿਚ ਵਾਪਸੀ ਦੇ ਸੰਕੇਤ ਦਿੰਦੇ ਹੋਏ ਦੁਨੀਆ ਦੀ ਨੌਵੇਂ ਨੰਬਰ ਦੀ ਖਿਡਾਰਨ ਚੀਨ ਦੀ ਬਿੰਗ ਜਿਆਓ ਨੂੰ ਹਰਾ ਕੇ ਸਿੰਗਾਪੁਰ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਤੇ ਲੈਅ ਵਿਚ ਚੱਲ ਰਹੇ ਐੱਚ. ਐੱਸ. ਪ੍ਰਣਯ ਨੇ ਵੀ ਆਖ਼ਰੀ-ਅੱਠ ਵਿਚ ਜਗ੍ਹਾ ਬਣਾਈ। ਲੰਡਨ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਸਾਇਨਾ ਨੇ ਪੰਜਵਾਂ ਦਰਜਾ ਹਾਸਲ ਚੀਨੀ ਖਿਡਾਰਨ ਨੂੰ 21-19, 11-21, 21-17 ਨਾਲ ਹਰਾਇਆ।
ਇਹ ਵੀ ਪੜ੍ਹੋ : ਕ੍ਰਿਕਟ ਐਸੋਸੀਏਸ਼ਨ ਆਫ ਉੱਤਰਾਖੰਡ ਵਿਵਾਦ ’ਚ ਮੁੱਖ ਕੋਚ ਸਮੇਤ 3 ਅਧਿਕਾਰੀਆਂ ’ਤੇ ਐੱਫ. ਆਈ. ਆਰ.
ਪਿਛਲੇ ਕੁਝ ਸਾਲਾਂ ਤੋਂ ਸੱਟਾਂ ਤੇ ਖ਼ਰਾਬ ਲੈਅ ਨਾਲ ਜੂਝ ਰਹੀ ਸਾਇਨਾ ਨੇ ਅਪ੍ਰੈਲ ਵਿਚ ਰਾਸ਼ਟਰ ਮੰਡਲ ਖੇਡਾਂ ਦੇ ਚੋਣ ਟਰਾਇਲ ਵਿਚ ਹਿੱਸਾ ਨਹੀਂ ਲਿਆ ਸੀ। ਪਿਛਲੇ ਤਿੰਨ ਸਾਲਾਂ ਵਿਚ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਪਿਛਲੇ ਸਾਲ ਓਰਲਿਅੰਸ ਮਾਸਟਰਜ਼ ਸੁਪਰ 100 ਵਿਚ ਸੈਮੀਫਾਈਨਲ ਵਿਚ ਪੁੱਜਣਾ ਰਿਹਾ। ਉਹ ਮਲੇਸ਼ੀਆ ਮਾਸਟਰਜ਼ ਤੇ ਬਾਰਸੀਲੋਨਾ ਸਪੇਨ ਮਾਸਟਰਜ਼ 2020 ਦੇ ਕੁਆਰਟਰ ਫਾਈਨਲ ਵਿਚ ਵੀ ਪੁੱਜੀ ਸੀ।
ਇਹ ਵੀ ਪੜ੍ਹੋ : ਵੈਸਟ ਇੰਡੀਜ਼ ਦੀ ਟੀ-20 ਸੀਰੀਜ਼ ਲਈ ਕੁਲਦੀਪ ਤੇ ਅਸ਼ਵਿਨ ਦੀ ਵਾਪਸੀ
ਤੀਜਾ ਦਰਜਾ ਹਾਸਲ ਸਿੰਧੂ ਨੇ ਦੁਨੀਆ ਦੀ 59ਵੇਂ ਨੰਬਰ ਦੀ ਖਿਡਾਰਨ ਵਿਅਤਨਾਮ ਦੀ ਹੁਈ ਲਿਨ ਏਂਗੁਯੇਨ ਨੂੰ 19-21, 21-19, 21-18 ਨਾਲ ਹਰਾਇਆ। ਹੁਣ ਉਨ੍ਹਾਂ ਦਾ ਮੁਕਾਬਲਾ ਚੀਨ ਦੀ ਹਾਨ ਯੀ ਨਾਲ ਹੋਵੇਗਾ। ਦੁਨੀਆ ਦੇ 19ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਚੀਨੀ ਤਾਇਪੇ ਦੇ ਚੋਉ ਤਿਏਨ ਚੇਨ ਖ਼ਿਲਾਫ਼ ਤਿੰਨ ਹਫ਼ਤੇ ਵਿਚ ਦੂਜੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਇਕ ਘੰਟੇ ਤੇ ਨੌਂ ਮਿੰਟ ਤਕ ਚੱਲੇ ਮੈਚ ਵਿਚ 14-21, 22-20, 21-18 ਨਾਲ ਮੈਚ ਜਿੱਤਿਆ। ਹੁਣ ਉਨ੍ਹਾਂ ਦਾ ਸਾਹਮਣਾ ਜਾਪਾਨ ਦੇ ਕੋਡਾਈ ਨਾਰਾਓਕਾ ਨਾਲ ਹੋਵੇਗਾ। ਪੁਰਸ਼ ਡਬਲਜ਼ ਵਿਚ ਐੱਮ. ਆਰ. ਅਰਜੁਨ ਤੇ ਧਰੁਵ ਕਪਿਲਾ ਨੇ ਛੇਵਾਂ ਦਰਜਾ ਹਾਸਲ ਮਲੇਸ਼ੀਆ ਦੇ ਗੋਹ ਜੇ ਫੇਊ ਤੇ ਨੂਰ ਇਜੂਦੀਨ ਨੂੰ 18-21, 24-22, 21-18 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।