ਸਿੰਧੂ ਸੈਮੀਫਾਈਨਲ, ਪ੍ਰਣੀਤ ਬਾਹਰ
Saturday, Aug 04, 2018 - 12:25 AM (IST)

ਨਾਨਜਿੰਗ- ਸਾਬਕਾ ਚਾਂਦੀ ਤਮਗਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੂਹਾਰਾ ਤੋਂ ਪਿਛਲੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਹਾਰ ਦਾ ਬਦਲਾ ਲੈਂਦਿਆਂ ਸ਼ੁੱਕਰਵਾਰ ਨੂੰ 21-17, 21-19 ਦੀ ਸ਼ਾਨਦਾਰ ਜਿੱਤ ਦੇ ਨਾਲ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਦਕਿ ਸਾਇਨਾ ਨੇਹਵਾਲ ਤੇ ਬੀ. ਸਾਈ ਪ੍ਰਣੀਤ ਨੂੰ ਕੁਆਰਟਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
ਸਿੰਧੂ ਦਾ ਵਿਸ਼ਵ ਵਿਚ ਛੇਵੀਂ ਰੈਂਕਿੰਗ ਦੀ ਓਕੂਹਾਰਾ ਵਿਰੁੱਧ 6-6 ਦਾ ਕਰੀਅਰ ਰਿਕਾਰਡ ਹੋ ਗਿਆ ਹੈ। ਸਿੰਧੂ ਇਸ ਸਾਲ ਥਾਈਲੈਂਡ ਓਪਨ ਦੇ ਫਾਈਨਲ ਵਿਚ ਓਕੂਹਾਰਾ ਹੱਥੋਂ ਹਾਰੀ ਸੀ ਪਰ ਇਸ ਵਾਰ ਉਸ ਨੇ ਓਕੂਹਾਰਾ ਰੂਪੀ ਅੜਿੱਕੇ ਨੂੰ ਪਾਰ ਕਰ ਲਿਆ।
ਸਾਇਨਾ ਨੂੰ ਮਾਰਿਨ ਨੇ ਸਿਰਫ 31 ਮਿੰਟ ਵਿਚ ਹੀ 21-6, 21-11 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇ ਇਸ ਮੁਕਾਬਲੇ ਵਿਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ।
ਪੁਰਸ਼ ਸਿੰਗਲਜ਼ ਵਿਚ ਬੀ. ਸਾਈ ਪ੍ਰਣੀਤ ਵੀ ਚੁਣੌਤੀ ਨਹੀਂ ਪੇਸ਼ ਕਰ ਸਕਿਆ ਤੇ ਛੇਵਾਂ ਦਰਜਾ ਪ੍ਰਾਪਤ ਜਾਪਾਨ ਦੇ ਕੇਂਤੋ ਮੋਮੋਤਾ ਤੋਂ ਹਾਰ ਗਿਆ। ਜਾਪਾਨੀ ਖਿਡਾਰੀ ਨੇ ਇਹ ਮੁਕਾਬਲਾ 39 ਮਿੰਟ ਵਿਚ 21-12, 21-12 ਨਾਲ ਜਿੱਤ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
ਮਿਕਸਡ ਡਬਲਜ਼ ਵਿਚ ਸਾਤਵਿਕਸੇਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਨੂੰ ਵੀ ਕੁਆਰਟਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੋੜੀ ਨੂੰ ਚੋਟੀ ਦਰਜਾ ਪ੍ਰਾਪਤ ਚੀਨੀ ਜੋੜੀ ਝੇਂਗ ਸੀਵੇਈ ਤੇ ਹੁਵਾਂਗ ਯਾਕਿਯੋਂਗ ਨੇ ਸਿਰਫ 36 ਮਿੰਟ ਵਿਚ 21-17, 21-10 ਨਾਲ ਹਰਾ ਕੇ ਆਖਰੀ ਚਾਰ ਵਿਚ ਜਗ੍ਹਾ ਬਣਾ ਲਈ।