ਟੋਕੀਓ ਓਲੰਪਿਕ: ਮੁਸ਼ਕਲ ’ਚ ਘਿਰੀ ਟੇਬਲ ਟੈਨਿਸ ਖਿਡਾਰਣ ਮਨਿਕਾ ਬੱਤਰਾ, ਜਾਰੀ ਹੋਵੇਗਾ ਕਾਰਨ ਦੱਸੋ ਨੋਟਿਸ

08/05/2021 1:03:25 PM

ਨਵੀਂ ਦਿੱਲੀ (ਭਾਸ਼ਾ) : ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ (ਟੀ.ਟੀ.ਐਫ.ਆਈ.) ਨੇ ਟੋਕੀਓ ਓਲਪਿਕ ਦੌਰਾਨ ਰਾਸ਼ਟਰੀ ਕੋਚ ਸੌਮਯਦੀਪ ਰਾਏ ਦੀ ਮਦਦ ਲੈਣ ਤੋਂ ਇਨਕਾਰ ਕਰਨ ਲਈ ਮਨਿਕਾ ਬੱਤਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਮਨਿਕਾ ਦੇ ਕੋਚ ਸਨਮਯ ਪਰਾਂਜਪੇ ਨੂੰ ਟੋਕੀਓ ਵਿਚ ਅਭਿਆਸ ਸੈਸ਼ਨ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਨ੍ਹਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਨਹੀਂ ਮਿਲੀ ਸੀ ਅਤੇ ਇਸ ਸਬੰਧ ਵਿਚ ਕੀਤੀ ਗਈ ਬੇਨਤੀ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ। ਇਸ ਦੇ ਵਿਰੋਧ ਵਿਚ ਮਨਿਕਾ ਨੇ ਸਿੰਗਲਜ਼ ਮੈਚਾਂ ਦੌਰਾਨ ਟੀਮ ਦੇ ਕੋਚ ਰਾਏ ਤੋਂ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਤੀਜੇ ਦੌਰ ਵਿਚ ਪਹੁੰਚ ਕੇ ਇਤਿਹਾਸ ਰਚਿਆ ਸੀ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਕਾਂਸੀ ਤਮਗਾ

ਟੀ.ਟੀ.ਐਫ.ਆਈ. ਦੇ ਜਨਰਲ ਸਕੱਤਰ ਅਰੁਣ ਬੈਨਰਜੀ ਨੇ ਕਾਰਜਕਾਰੀ ਬੋਰਡ ਦੀ ਬੈਠਕ ਦੇ ਬਾਅਦ ਕਿਹਾ, ‘ਟੋਕੀਓ ਲਈ ਰਵਾਨਾ ਹੋਣ ਤੋਂ ਪਹਿਲਾਂ ਉਹ ਚੰਗੀ ਤਰ੍ਹਾਂ ਨਾਲ ਜਾਣਦੀ ਸੀ ਕਿ ਉਸ ਦੇ ਨਿੱਜੀ ਕੋਚ ਨੂੰ ਖੇਡ ਦੌਰਾਨ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਨਹੀਂ ਹੈ। ਇਸ ਲਈ ਉਸ ਨੂੰ ਅਜਿਹਾ ਵਤੀਰਾ ਨਹੀਂ ਕਰਨਾ ਚਾਹੀਦਾ ਸੀ, ਜਿਸ ਤਰ੍ਹਾਂ ਉਸ ਨੇ ਕੀਤਾ।’ ਉਨ੍ਹਾਂ ਕਿਹਾ, ‘ਅਸੀਂ ਵੀਰਵਾਰ ਉਸ ਨੂੰ ਨੋਟਿਸ ਜਾਰੀ ਕਰਾਂਗੇ ਅਤੇ ਮਨਿਕਾ ਕੋਲ ਜਵਾਬ ਦੇਣ ਲਈ 10 ਦਿਨ ਦਾ ਸਮਾਂ ਹੋਵੇਗਾ। ਉਸ ਦੇ ਆਧਾਰ ’ਤੇ ਹੀ ਅਸੀਂ ਅੱਗੇ ਦੀ ਕਾਰਵਾਈ ’ਤੇ ਫ਼ੈਸਲਾ ਕਰਾਂਗੇ।’

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤ ਦੀਆਂ ਮਹਿਲਾ ਪਹਿਲਵਾਨਾਂ ਅੰਸ਼ੂ ਮਲਿਕ ਅਤੇ ਵਿਨੇਸ਼ ਫੋਗਾਟ ਨੇ ਕੀਤਾ ਨਿਰਾਸ਼

ਬੈਠਕ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੇਕਰ ਖਿਡਾਰੀ ਫਿੱਟ ਅਤੇ ਉਪਲਬੱਧ ਹਨ ਤਾਂ ਉਨ੍ਹਾਂ ਨੂੰ ਕੈਂਪ ਵਿਚ ਹਿੱਸਾ ਲੈਣਾ ਹੋਵੇਗਾ। ਮਨਿਕਾ ਨੇ 3 ਹਫ਼ਤੇ ਦੇ ਓਲੰਪਿਕ ਕੈਂਪ ਦੌਰਾਨ ਸਿਰਫ਼ 3 ਦਿਨ ਹਿੱਸਾ ਲਿਆ, ਜਦੋਂਕਿ ਜੀ ਸਾਥੀਆਨ ਨੇ ਚੇਨਈ ਵਿਚ ਆਪਣੇ ਨਿੱਜੀ ਕੋਚ ਨਾਲ ਅਭਿਆਸ ਕਰਨ ਨੂੰ ਪਹਿਲ ਦਿੱਤੀ ਸੀ।

ਇਹ ਵੀ ਪੜ੍ਹੋ: ਰਾਸ਼ਟਰਪਤੀ ਅਤੇ PM ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਦਿੱਤੀ ਵਧਾਈ, ਕਿਹਾ- ‘ਤੁਹਾਡੇ ’ਤੇ ਮਾਣ ਹੈ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News