ਨਿਸ਼ਾਨੇਬਾਜ਼ ਨੀਰਜ ਨੂੰ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਪੀਲਾ ਕਾਰਡ ਦਿਖਾਇਆ ਗਿਆ
Sunday, Apr 06, 2025 - 12:00 PM (IST)

ਨਵੀਂ ਦਿੱਲੀ- ਭਾਰਤ ਦੇ ਪੁਰਸ਼ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਨਿਸ਼ਾਨੇਬਾਜ਼ ਨੀਰਜ ਕੁਮਾਰ ਬਿਊਨਸ ਆਇਰਸ ਵਿਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੇ ਫਾਈਨਲ ਵਿਚ ਹਿੱਸਾ ਲੈਂਦੇ ਸਮੇਂ ਇਕ ਅਜੀਬ ਸਥਿਤੀ ਵਿਚ ਪਹੁੰਚ ਗਏ, ਜਦੋਂ ਮੁਕਾਬਲੇ ’ਚ ਉਨ੍ਹਾਂ ਨੂੰ ਪੀਲਾ ਕਾਰਡ ਦਿਖਾਇਆ ਗਿਆ। ਜੂਰੀ ਨੇ ਉਸ ਦੇ ਫਾਇਰਿੰਗ ਸਟੇਸ਼ਨ ’ਤੇ ਉਸ ਕੋਲ ਪਹੁੰਚ ਕੀਤੀ ਅਤੇ ਉਸ ਨੂੰ ਪੀਲਾ ਕਾਰਡ ਦਿਖਾਇਆ, ਜਿਸ ਨਾਲ 25 ਸਾਲਾ ਨਿਸ਼ਾਨੇਬਾਜ਼ ਹੈਰਾਨ ਰਹਿ ਗਿਆ।
ਨਿਸ਼ਾਨੇਬਾਜ਼ੀ ’ਚ ਨਿਯਮਾਂ ਦੀ ਪਹਿਲਾਂ ਉਲੰਘਣਾ ਲਈ ਪੀਲਾ ਕਾਰਡ ਜਾਰੀ ਕੀਤਾ ਜਾਂਦਾ ਹੈ, ਜਿਵੇਂ ਰੇਂਜ ਉਪਕਰਨ ਵਿਚ ਦਖਲ ਦੇਣਾ ਜਾਂ ਬਿਨਾਂ ਹੁਕਮ ਦੇ ਹਥਿਆਰ ਲੋਡ ਕਰਨਾ। ਪਰ ਨੀਰਜ ਦੇ ਮਾਮਲੇ ਵਿਚ ਪੀਲਾ ਕਾਰਡ ਦਿਖਾਇਆ ਜਾਣਾ ਹੈਰਾਨੀ ਭਰਿਆ ਸੀ ਕਿਉਂਕਿ ਉਹ ਆਪਣੀ ਰਾਈਫਲ ਨੂੰ ਸੁਰੱਖਿਅਤ ਕਰਨ ਲਈ ‘ਬੋਰ ਲਾਕ’ ਦੀ ਵਰਤੋਂ ਕਰ ਰਿਹਾ ਸੀ, ਇਹ ਅਜਿਹੀ ਚੀਜ਼ ਹੈ ਜੋ ਨਿਸ਼ਾਨੇਬਾਜ਼ਾਂ ਵੱਲੋਂ ਨਿਯਮਿਤ ਤੌਰ ’ਤੇ ਕੀਤੀ ਜਾਂਦੀ ਹੈ। ਨੀਰਜ ਫਾਈਨਲ ਵਿਚ 7ਵੇਂ ਸਥਾਨ ’ਤੇ ਰਹੇ। 3 ਭਾਰਤੀ ਨਿਸ਼ਾਨੇਬਾਜ਼ਾਂ ਨੇ ਸੀਜ਼ਨ ਦੇ ਪਹਿਲੇ ਵਿਸ਼ਵ ਕੱਪ ਵਿਚ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ, ਜਿਸ ਵਿਚ ਨੀਰਜ ਤੋਂ ਇਲਾਵਾ ਸ਼ੁੱਕਰਵਾਰ ਨੂੰ ਕਾਂਸੀ ਤਮਗਾ ਜੇਤੂ ਚੈਨ ਸਿੰਘ ਤੇ 2 ਵਾਰ ਦੀ ਓਲੰਪੀਅਨ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਸ਼ਾਮਲ ਸਨ।