ਸ਼ਿਪ ਥਾਪਾ ਸਣੇ 6 ਹੋਰ ਭਾਰਤੀ ਮੁੱਕੇਬਾਜ਼ ਓਲੰਪਿਕ ਟੈਸਟ ਈਵੈਂਟ ਦੇ ਸੈਮੀਫਾਈਨਲ 'ਚ ਪੁੱਜੇ
Tuesday, Oct 29, 2019 - 12:08 PM (IST)

ਸਪੋਰਟਸ ਡੈਸਕ— ਭਾਰਤ ਦੇ ਸਟਾਰ ਮੁੱਕੇਬਾਜ਼ ਅਤੇ ਚਾਰ ਵਾਰ ਦੇ ਏਸ਼ੀਆਈ ਚੈਂਪੀਅਨ ਸ਼ਿਵ ਥਾਪਾ (63 ਕਿ.ਗ੍ਰਾ) ਨੇ ਮੰਗਲਵਾਰ ਨੂੰ ਕੁਆਟਰ ਫਾਈਨਲ ਮੁਕਾਬਲੇ 'ਚ ਜਿੱਤ ਦਰਜ ਕਰਕੇ ਓਲੰਪਿਕ ਟੈਸਟ ਈਵੈਂਟ 'ਚ ਆਪਣਾ ਤਮਗਾ ਪੱਕਾ ਕੀਤਾ ਜਦ ਕਿ ਛੇ ਹੋਰ ਭਾਰਤੀਆਂ ਨੇ ਰਿੰਗ 'ਚ ਉਤਰੇ ਬਿਨਾਂ ਹੀ ਸੈਮੀਫਾਈਨਲ 'ਚ ਜਗ੍ਹਾ ਬਣਾਈ। ਥਾਪਾ ਨੇ ਸਥਾਨਕ ਮੁੱਕੇਬਾਜ਼ ਯੁਕੀ ਹਿਰਾਕਾਵਾ ਨੂੰ 5-0 ਨਾਲ ਹਰਾਇਆ। ਅਸਮ ਦੇ ਇਸ ਮੁੱਕੇਬਾਜ਼ ਨੇ ਇਸ ਮਹੀਨੇ ਦੀ ਸ਼ੁਰਆਤ 'ਚ ਆਪਣਾ ਤੀਜਾ ਰਾਸ਼ਟਰੀ ਖਿਤਾਬ ਜਿੱਤਿਆ ਸੀ। ਸੈਮੀਫਾਈਨਲ 'ਚ ਬੁੱਧਵਾਰ ਨੂੰ ਉਨ੍ਹਾਂ ਦਾ ਸਾਹਮਣਾ ਜਾਪਾਨ ਦੇ ਹੀ ਦੇਸੁਕੇ ਨਾਰਿਮਾਤਸੁ ਨਾਲ ਹੋਵੇਗਾ। ਨਾਰਿਮਾਤਸੁ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਸੀ।
ਨਿਕਹਤ ਜ਼ਰੀਨ (51 ਕਿ. ਗ੍ਰਾ) ਸਹਿਤ ਛੇ ਭਾਰਤੀਆਂ ਦਾ ਰਿੰਗ 'ਚ ਉਤਰੇ ਬਿਨਾਂ ਹੀ ਤਮਗਾ ਪੱਕਾ ਹੋ ਗਿਆ। ਇਨ੍ਹਾਂ ਸਾਰਿਆਂ ਨੂੰ ਬਾਈ ਮਿਲੀ। ਜਰੀਨ ਤੋਂ ਇਲਾਵਾ ਸੁਮਿਤ ਸਾਂਗਵਾਨ (91 ਕਿ. ਗ੍ਰਾ), ਅਸ਼ੀਸ (69 ਕਿ. ਗ੍ਰਾ), ਵਨਾਲਿੰਪੁਇਆ (75 ਕਿ. ਗ੍ਰਾ ), ਸਿਮਰਨਜੀਤ ਕੌਰ (60 ਕਿ.ਗ੍ਰਾ) ਅਤੇ ਪੂਜਾ ਰਾਣੀ (75 ਕਿ. ਗ੍ਰਾ) ਨੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਇਸ ਮਹੀਨੇ ਦੀ ਸ਼ੁਰੂਆਤੀ 'ਚ ਰਾਸ਼ਟਰੀ ਖਿਤਾਬ ਜਿੱਤਣ ਵਾਲੇ ਸਾਂਗਵਾਨ ਦਾ ਸਾਹਮਣਾ ਕਜ਼ਾਖਿਸਤਾਨ ਦੇ ਏਬੇਕ ਓਰਲਬੇ ਨਾਲ ਹੋਵੇਗਾ ਜਦ ਕਿ ਜਰੀਨ ਜਾਪਾਨ ਦੀ ਸਾਨਿਆ ਕਵਾਨੋ ਨਾਲ ਭਿੜੇਗੀ।
ਜ਼ਰੀਨ ਹਾਲ 'ਚ ਐੱਮ ਸੀ ਮੈਰੀਕੋਮ ਨਾਲ ਟਰਾਇਲ ਮੁਕਾਬਲਾ ਕਰਵਾਉਣ ਨੂੰ ਲੈ ਕੇ ਚਰਚਾ 'ਚ ਰਹੀ ਸੀ। ਏਸ਼ੀਆਈ ਖੇਡਾਂ ਦੀ ਸਾਬਕਾ ਕਾਂਸੀ ਤਮਗਾ ਜੇਤੂ ਪੂਜਾ ਰਾਣੀ ਦਾ ਸਾਹਮਣਾ ਬ੍ਰਾਜ਼ੀਲ ਦੀ ਬੀਟ੍ਰਿਜ ਸੋਰੇਸ ਨਾਲ ਹੋਵੇਗਾ। ਰਾਣੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਿਆ ਸੀ। ਭਾਰਤ ਦਾ ਸਿਰਫ ਇਕ ਮੁੱਕੇਬਾਜ਼ ਅਨੰਤ ਚੋਪੜਾ ਹੀ ਕੁਆਟਰ ਫਾਈਨਲ ਨਾਲ ਅੱਗੇ ਨਹੀਂ ਵੱਧ ਸਕਿਆ। ਉਹ ਮਕਾਮੀ ਮੁੱਕੇਬਾਜ ਤੋਸ਼ੋ ਕਾਸ਼ਿਵਸਾਕੀ ਤੋਂ 2-3 ਨਾਲ ਹਾਰ ਗਏ।