ਨਿਊਜ਼ੀਲੈਂਡ ''ਚ ਮੈਦਾਨਾਂ ਨੂੰ ਸਮਝਣਾ ਬੇਹੱਦ ਜ਼ਰੂਰੀ : ਠਾਕੁਰ

Monday, Feb 10, 2020 - 04:01 PM (IST)

ਨਿਊਜ਼ੀਲੈਂਡ ''ਚ ਮੈਦਾਨਾਂ ਨੂੰ ਸਮਝਣਾ ਬੇਹੱਦ ਜ਼ਰੂਰੀ : ਠਾਕੁਰ

ਮਾਊਂਟ ਮੋਨਗਾਨੁਈ— ਭਾਰਤੀ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਕਿਹਾ ਕਿ ਨਿਊਜ਼ੀਲੈਂਡ 'ਚ ਸਫਲ ਹੋਣ ਲਈ ਮੈਦਾਨ ਨੂੰ ਸਮਝਣਾ ਅਤੇ ਤੇਜ਼ ਹਵਾਵਾਂ ਦੇ ਮੁਤਾਬਕ ਗੇਂਦਬਾਜ਼ੀ ਕਰਨਾ ਬੇਹੱਦ ਜ਼ਰੂਰੀ ਹੈ। ਠਾਕੁਰ ਨੇ ਕਿਹਾ, ''ਨਿਊਜ਼ੀਲੈਂਡ ਜਿਹੇ ਮੈਦਾਨ ਕਿਤੇ ਨਹੀਂ ਹਨ। ਇਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ। ਹਰ ਮੈਚ 'ਚ ਗੇਂਦਬਾਜ਼ ਨੂੰ ਆਪਣੀ ਰਣਨੀਤੀ ਬਦਲਣੀ ਪੈਂਦੀ ਹੈ। ਆਕਲੈਂਡ 'ਚ ਸਾਹਮਣੇ ਦੀ ਬਾਊਂਡਰੀ ਛੋਟੀ ਸੀ ਜਦਕਿ ਹੈਮਿਲਟਨ 'ਚ ਸਾਈਡ ਬਾਊਂਡਰੀ ਛੋਟੀ ਸੀ। ਹਰ ਮੈਦਾਨ ਦਾ ਆਕਾਰ ਅਲਗ ਹੈ ਅਤੇ ਇਸ ਨੂੰ ਸਮਝਣਾ ਜ਼ਰੂਰੀ ਹੈ। ਅਗਲੇ ਮੈਚ 'ਚ ਮੈਦਾਨ ਵੱਡਾ ਹੈ।''

ਠਾਕੁਰ ਨੇ ਕਿਹਾ ਕਿ ਹਾਲਾਤ ਦੇ ਕਾਰਨ ਨਿਊਜ਼ੀਲੈਂਡ 'ਚ ਕ੍ਰਿਕਟ ਖੇਡਣਾ ਕਾਫੀ ਮੁਸ਼ਕਲ ਹੈ। ਉਨ੍ਹਾਂ ਕਿਹਾ, ''ਇਹ ਬਹੁਤ ਮੁਸ਼ਕਲ ਹੈ ਕਿਉਂਕਿ ਇਸ ਤਰ੍ਹਾਂ ਦੇ ਮੈਦਾਨ 'ਤੇ ਤੁਸੀਂ ਰੋਜ਼ ਨਹੀਂ ਖੇਡਦੇ। ਇਹੋ ਕਾਰਨ ਹੈ ਕਿ ਨਿਊਜ਼ੀਲੈਂਡ 'ਚ ਕ੍ਰਿਕਟ ਖੇਡਣਾ ਸੌਖਾ ਨਹੀਂ ਹੈ। ਨੈੱਟ 'ਤੇ ਅਭਿਆਸ ਕਰਦੇ ਸਮੇਂ ਤੁਹਾਨੂੰ ਇਸ ਤਰ੍ਹਾਂ ਹੀ ਗੇਂਦਬਾਜ਼ੀ ਕਰਨੀ ਹੁੰਦੀ ਹੈ ਜਿਵੇ ਕਿ ਅਗਲੇ ਦਿਨ ਗੇਂਦਬਾਜ਼ੀ ਕਰਨੀ ਹੈ।''

ਉਨ੍ਹਾਂ ਕਿਹਾ, ''ਮਾਨਸਿਕ ਤੌਰ 'ਤੇ ਵੀ ਤਿਆਰੀ ਜ਼ਰੂਰੀ ਹੈ ਕਿਉਂਕਿ ਅਜਿਹਾ ਨਹੀਂ ਕਰਨ 'ਤੇ ਵਿਰੋਧੀ ਟੀਮ ਤੁਹਾਨੂੰ ਹੈਰਾਨ ਕਰ ਦੇਵੇਗੀ। ਉਸ ਦੇ ਬੱਲੇਬਾਜ਼ ਹਵਾ ਦਾ ਪੂਰਾ ਲਾਭ ਉਠਾਉਂਦੇ ਹਨ। ਭਾਰਤੀ ਟੀਮ ਦਾ ਟੀਚਾ ਵਾਈਟਵਾਸ਼ ਤੋਂ ਬਚਣਾ ਹੋਵੇਗਾ ਅਤੇ ਠਾਕੁਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਖੁੱਲ੍ਹ ਕੇ ਖੇਡੇਗੀ। ਉਨ੍ਹਾਂ ਕਿਹਾ, ''ਕੌਮਾਂਤਰੀ ਕ੍ਰਿਕਟ 'ਚ ਹਰ ਖਿਡਾਰੀ ਲਈ ਹਰ ਮੈਚ ਅਹਿਮ ਹੈ। ਦੋ ਮੈਚਾਂ 'ਚ ਪਿਛੜਨ ਦੇ ਬਾਅਦ ਹੁਣ ਤੁਹਾਡੇ ਕੋਲ ਹੋਰ ਖੁੱਲ੍ਹ ਕੇ ਖੇਡਣ ਦਾ ਮੌਕਾ ਹੈ। ਬੱਲੇਬਾਜ਼ ਆਪਣੇ ਸ਼ਾਟ ਖੇਡ ਸਕਦੇ ਹਨ ਅਤੇ ਆਪਣਾ ਸੁਭਾਵਕ ਖੇਡ ਦਿਖਾ ਸਕਦੇ ਹਨ।''


author

Tarsem Singh

Content Editor

Related News