ਮੌਜੂਦਾ ਫ਼ੁੱਟਬਾਲ ਟੀਮ 2018 WC ਕੁਆਲੀਫ਼ਾਇਰ ਲਈ ਟੀਮ ਦੇ ਮੁਕਾਬਲੇ ’ਚ ਬਿਹਤਰ ਹੈ : ਵੈਂਕਟੇਸ਼
Sunday, Jun 13, 2021 - 07:25 PM (IST)
ਦੋਹਾ, (ਭਾਸ਼ਾ)— ਭਾਰਤੀ ਫ਼ੁੱਟਬਾਲ ਟੀਮ ਦੇ ਸਹਾਇਕ ਕੋਚ ਸ਼ਣਮੁਗਮ ਵੈਂਕਟੇਸ਼ ਦਾ ਕਹਿਣਾ ਹੈ ਕਿ ਮੌਜੂਦਾ ਟੀਮ ਗੇਂਦ ਨੂੰ ਜ਼ਿਅਦਾ ਸਮੇਂ ’ਤੇ ਆਪਣੇ ਕੋਲ ਰਖਦੀ ਹੈ ਤੇ ਉਸ ਨੇ 2018 ਵਰਲਡ ਕੱਪ ਕੁਆਲੀਫ਼ਾਇਰ ਲਈ ਖੇਡਣ ਵਾਲੀ ਟੀਮ ਦੇ ਮੁਕਾਬਲੇ ’ਚ ਕਿਤੇ ਜ਼ਿਆਦਾ ਸਟੀਕ ਪਾਸ ਦਿੱਤੇ ਹਨ। ਭਾਰਤ ਪਹਿਲਾਂ ਹੀ 2022 ਵਰਲਡ ਕੱਪ ਦੀ ਦੌੜ ਤੋਂ ਬਾਹਰ ਹੋ ਚੁੱਕਾ ਹੈ ਪਰ ਉਸ ਕੋਲ ਅਜੇ ਵੀ 2023 ਏ. ਐੱਫ਼. ਸੀ. ਏਸ਼ੀਆਈ ਕੱਪ ਕੁਆਲੀਫ਼ਾਇਰ ਦੇ ਅਗਲੇ ਦੌਰ ’ਚ ਪਹੁੰਚਣ ਦਾ ਮੌਕਾ ਹੈ।
ਵੈਂਕਟੇਸ਼ ਆਪਣੇ ਖੇਡ ਦੇ ਦਿਨਾਂ ’ਚ ਸੀਨੀਅਰ ਰਾਸ਼ਟਰੀ ਟੀਮ ਦੀ ਅਗਵਾਈ ਵੀ ਕਰ ਚੁੱਕੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਟੀਮ ਨੇ ਕਈ ਚੀਜ਼ਾਂ ’ਚ ਸੁਧਾਰ ਕੀਤਾ ਹੈ। ਉਨ੍ਹਾਂ ਨੇ ਸਰਬ ਭਾਰਤੀ ਫ਼ੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ਼) ਦੀ ਅਧਿਕਾਰਤ ਵੈੱਬਸਾਈਟ ਨੂੰ ਕਿਹਾ, ‘‘ਪਿਛਲੇ ਵਰਲਡ ਕੱਪ ਕੁਆਲੀਫ਼ਾਇਰ- ਫ਼ੀਫ਼ਾ ਵਰਲਡ ਕੱਪ ਰੂਸ 2018 ਕੁਆਲੀਫ਼ਾਇਰ ਦੇ 2015 ’ਚ ਹੋਏ ਪਹਿਲੇ 7 ਮੈਚਾਂ ਦੇ ਮੁਕਾਬਲੇ ’ਚ ਮੌਜੂਦਾ ਟੀਮ ਦਾ ਗੇਂਦ ’ਤੇ ਦਬਦਬਾ ਬਣਾਉਣ ਦਾ ਔਸਤ 10.2 ਫ਼ੀਸਦੀ ਵਧ ਗਿਆ ਜੋ 39.8 ਫ਼ੀਸਦੀ ਤੋਂ 50 ਫ਼ੀਸਦੀ ਹੋ ਗਿਆ ਹੈ। ਵੈਂਕਟੇਸ਼ ਨੇ ਕਿਹਾ, ‘‘ਪਿਛਲੇ ਕੁਆਲੀਫ਼ਾਇਰ ਦੇ ਦੌਰਾਨ ਹਰੇਕ ਮੈਚ ’ਚ ਪਾਸ ਕਰਨ ਦੀ ਗਿਣਤੀ 338 ਸੀ ਜਦਕਿ ਮੌਜੂਦਾ ਟੀਮ ’ਚ ਹੁਣ ਇਹ ਵੱਧ ਕੇ 450 ਹੋ ਗਈ ਹੈ। ਮੌਜੂਦਾ ਟੀਮ ਕੋਲ ਪਾਸ ਕਰਨ ਦੀ ਸਟੀਕਤਾ ਵੀ ਪਿਛਲੇ 74 ਫ਼ੀਸਦੀ ਤੋਂ ਵੱਧ ਕੇ 80 ਫ਼ੀਸਦੀ ਹੋ ਗਈ ਹੈ ਜਿਸ ’ਚ 6 ਫ਼ੀਸਦੀ ਦਾ ਵਾਧਾ ਹੋਇਆ ਹੈ।