ਸ਼ੰਮੀ ਨੇ ਬੈਂਗਲੁਰੂ ’ਚ ਕੀਤਾ ਗੇਂਦਬਾਜ਼ੀ ਅਭਿਆਸ
Monday, Oct 21, 2024 - 02:29 PM (IST)
ਬੈਂਗਲੁਰੂ, (ਭਾਸ਼ਾ)– ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਐਤਵਾਰ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨੈੱਟ ’ਤੇ ਤਕਰੀਬਨ ਇਕ ਘੰਟੇ ਤੱਕ ਗੇਂਦਬਾਜ਼ੀ ਕੀਤੀ। ਸ਼ੰਮੀ ਸਾਲ ਦੀ ਸ਼ੁਰੂਆਤ ਵਿਚ ਹੋਈ ਗਿੱਟੇ ਦੀ ਸਰਜਰੀ ਤੋਂ ਉੱਭਰ ਰਿਹਾ ਹੈ।
ਸ਼ੰਮੀ ਨੇ ਇੱਥੇ ਨਿਊਜ਼ੀਲੈਂਡ ਵਿਰੁੱਧ ਭਾਰਤ ਦੇ ਪਹਿਲੇ ਟੈਸਟ ਤੋਂ ਬਾਅਦ ਨੈੱਟ ਸੈਸ਼ਨ ਵਿਚ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਦੀ ਨਿਗਰਾਨੀ ਵਿਚ ਗੇਂਦਬਾਜ਼ੀ ਕੀਤੀ। ਇਸ 34 ਸਾਲਾ ਖਿਡਾਰੀ ਨੇ ਦੇਸ਼ ਲਈ ਆਪਣਾ ਪਿਛਲਾ ਮੁਕਾਬਲਾ 2023 ਵਿਚ ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਖੇਡਿਆ ਸੀ।
ਸ਼ੰਮੀ ਨੇ ਅਭਿਆਸ ਦੌਰਾਨ ਭਾਰਤ ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਗੇਂਦਬਾਜ਼ੀ ਕੀਤੀ। ਸ਼ੰਮੀ ਦੇ ਖੱਬੇ ਪੈਰ ਵਿਚ ਪੱਟੀ ਬੰਨ੍ਹੀ ਹੋਈ ਸੀ। ਉਸ ਨੇ ਛੋਟੇ ਰਨਅਪ ਦੇ ਨਾਲ ਗੇਂਦਬਾਜ਼ੀ ਸ਼ੁਰੂ ਕਰਨ ਤੋਂ ਬਾਅਦ ਪੂਰੇ ਰਨਅਪ ਤੇ ਚੰਗੀ ਗਤੀ ਨਾਲ ਗੇਂਦਬਾਜ਼ੀ ਕੀਤੀ। ਇਸ ਦੌਰਾਨ ਉਸ ਨੇ ਨਾਇਰ ਨੂੰ ਆਪਣੀਆਂ ਸਵਿੰਗ ਗੇਂਦਾਂ ਨਾਲ ਪ੍ਰੇਸ਼ਾਨ ਵੀ ਕੀਤਾ। ਉਸ ਨੇ ਇਸ ਦੌਰਾਨ ਫੀਲਡਿੰਗ ਅਭਿਆਸ ਕਰਨ ਤੋਂ ਬਾਅਦ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨਾਲ ਗੱਲਬਾਤ ਵੀ ਕੀਤੀ।