ਸ਼ਾਕਿਬ ਦੀ ਸੁਰੱਖਿਆ ਬੋਰਡ ਦੇ ਹੱਥ ''ਚ ਨਹੀਂ : BCB ਪ੍ਰਮੁੱਖ
Friday, Sep 27, 2024 - 01:23 PM (IST)
ਢਾਕਾ- ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦੇ ਪ੍ਰਧਾਨ ਫਾਰੂਕ ਅਹਿਮਦ ਨੇ ਸਪੱਸ਼ਟ ਕੀਤਾ ਹੈ ਕਿ ਦਿੱਗਜ਼ ਹਰਫਨਮੌਲਾ ਸ਼ਾਕਿਬ ਅਲ ਹਸਨ ਖਿਲਾਫ ਦੇਸ਼ ਵਿਚ ਚੱਲ ਰਹੇ ਮਾਮਲਿਆਂ ਕਾਰਨ ਬੋਰਡ ਉਸਦੀ ਨਿੱਜੀ ਸੁਰੱਖਿਆ ਦਾ ਭਰੋਸਾ ਨਹੀਂ ਦੇ ਸਕਦਾ ਹੈ। 37 ਸਾਲਾ ਸ਼ਾਕਿਬ ਨੇ ਵੀਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਘਰ ਪਰਤਣ 'ਤੇ ਸੁਰੱਖਿਆ ਦਾ ਭਰੋਸਾ ਦਿੱਤਾ ਜਾਂਦਾ ਹੈ, ਤਾਂ ਉਹ ਅਕਤੂਬਰ ਵਿਚ ਦੱਖਣੀ ਅਫਰੀਕਾ ਵਿਰੁੱਧ ਆਪਣਾ ਵਿਦਾਈ ਟੈਸਟ ਮੈਚ ਖੇਡਣਾ ਚਾਹੁਣਗੇ।
ਬੰਗਲਾਦੇਸ਼ੀ ਅਖਬਾਰਾਂ ਮੁਤਾਬਕ ਫਾਰੂਕ ਨੇ ਕਿਹਾ, ''ਸ਼ਾਕਿਬ ਦੀ ਸੁਰੱਖਿਆ ਬੋਰਡ ਦੇ ਹੱਥ 'ਚ ਨਹੀਂ ਹੈ। ਬੋਰਡ ਕਿਸੇ ਵੀ ਵਿਅਕਤੀ ਨੂੰ ਨਿੱਜੀ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦਾ। ਸਿਰਫ਼ ਉਨ੍ਹਾਂ ਨੇ ਹੀ ਇਸ ਬਾਰੇ ਫੈਸਲਾ ਲੈਣਾ ਹੈ (ਆਪਣੇ ਦੇਸ਼ ਵਾਪਸ ਆਉਣਾ)। ਉਨ੍ਹਾਂ ਦੀ ਸੁਰੱਖਿਆ ਸਰਕਾਰ ਦੇ ਉੱਚ ਪੱਧਰ ਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, "ਬੀਸੀਬੀ ਪੁਲਸ ਜਾਂ 'ਰੈਪਿਡ ਐਕਸ਼ਨ ਬਟਾਲੀਅਨ' ਵਰਗੀ ਸੁਰੱਖਿਆ ਏਜੰਸੀ ਨਹੀਂ ਹੈ। ਅਸੀਂ ਉਨ੍ਹਾਂ ਬਾਰੇ (ਸਰਕਾਰ ਵਿਚ) ਕਿਸੇ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਦਾ ਕੇਸ ਅਦਾਲਤ ਵਿੱਚ ਵਿਚਾਰਅਧੀਨ ਹੈ, ਇਸ ਲਈ ਅਸੀਂ ਅਸਲ ਵਿੱਚ ਇਸ ਬਾਰੇ ਕੁਝ ਨਹੀਂ ਕਰ ਸਕਦੇ।"
ਸ਼ਾਕਿਬ ਨੂੰ ਬੰਗਲਾਦੇਸ਼ ਵਿੱਚ ਸਿਆਸੀ ਅਸ਼ਾਂਤੀ ਦੌਰਾਨ ਇੱਕ ਕਤਲ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸਿਆਸੀ ਅਸ਼ਾਂਤੀ ਕਾਰਨ ਅਹੁਦਾ ਛੱਡਣਾ ਪਿਆ ਸੀ। ਸ਼ਾਕਿਬ ਆਪਣੀ ਪਾਰਟੀ ਅਵਾਮੀ ਲੀਗ ਤੋਂ ਸੰਸਦ ਮੈਂਬਰ ਸਨ।
ਸ਼ਾਕਿਬ ਨੇ ਵੀਰਵਾਰ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਦਾ ਘਰੇਲੂ ਬੋਰਡ ਉਨ੍ਹਾਂ ਲਈ ਘਰੇਲੂ ਮੈਦਾਨ 'ਤੇ ਵਿਦਾਇਗੀ ਮੈਚ ਦਾ ਆਯੋਜਨ ਨਹੀਂ ਕਰਦਾ ਹੈ ਤਾਂ ਇੱਥੇ ਭਾਰਤ ਦੇ ਖਿਲਾਫ ਦੂਜਾ ਮੈਚ ਉਨ੍ਹਾਂ ਦਾ ਆਖਰੀ ਟੈਸਟ ਹੋਵੇਗਾ। ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਹੋਣ ਵਾਲੀ ਚੈਂਪੀਅਨਸ ਟਰਾਫੀ ਵਿੱਚ ਟੀਮ ਦੀ ਨੁਮਾਇੰਦਗੀ ਕਰੇਗਾ। ਫਾਰੂਕ ਨੇ ਕਿਹਾ, ''ਇਸ ਤੋਂ ਵਧੀਆ ਕੁਝ ਨਹੀਂ ਹੋਵੇਗਾ ਜੇਕਰ ਉਹ ਆਪਣਾ ਆਖਰੀ ਮੈਚ ਘਰੇਲੂ ਮੈਦਾਨ 'ਤੇ ਖੇਡਦਾ। ਸ਼ਾਕਿਬ ਨੂੰ ਮੁਸ਼ਕਲ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਉਸ ਨਾਲ ਰਿਟਾਇਰਮੈਂਟ ਬਾਰੇ ਕੋਈ ਗੱਲ ਨਹੀਂ ਕੀਤੀ। ਜੇਕਰ ਉਹ ਮੰਨਦੇ ਹਨ ਕਿ ਸੰਨਿਆਸ ਲੈਣ ਦਾ ਇਹ ਸਹੀ ਸਮਾਂ ਹੈ ਤਾਂ ਮੈਂ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ।