ਘਪਲਾ : 1 ਕਰੋੜ ਦਿਓ ਬਿਹਾਰ ਤੇ ਝਾਰਖੰਡ ਦੀ ਰਣਜੀ ਟੀਮ ''ਚ ਜਗ੍ਹਾ ਲਓ!

02/20/2019 10:53:15 PM

ਨਵੀਂ ਦਿੱਲੀ- ਝਾਰਖੰਡ ਤੇ ਬਿਹਾਰ ਵਿਚ ਨੌਜਵਾਨ ਕ੍ਰਿਕਟਰਾਂ ਨੂੰ ਸੂਬੇ ਦੀ ਕ੍ਰਿਕਟ ਟੀਮ ਵਿਚ ਮੌਕਾ ਦੇਣ ਦੇ ਨਾਂ 'ਤੇ 50 ਹਜ਼ਾਰ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੀ ਰਿਸ਼ਵਤ ਮੰਗਣ ਦਾ ਵੱਡਾ ਘਪਲਾ ਸਾਹਮਣੇ ਆਇਆ ਹੈ। ਇਕ ਟੀ. ਵੀ. ਚੈਨਲ ਨੇ ਇਸ ਨੂੰ ਬ੍ਰੇਕ ਕਰਦੇ ਹੋਏ ਦੱਸਿਆ ਕਿ ਆਖਰ ਕਿਸ ਤਰ੍ਹਾਂ ਚੋਣਕਰਤਾ ਜਾਂ ਫਿਰ ਐਸੋਸੀਏਸ਼ਨ ਮੈਂਬਰ ਇਸ ਧੰਦੇ ਨੂੰ ਚਲਾ ਰਹੇ ਸਨ। ਘਪਲੇ ਦੇ ਖੁਲਾਸੇ ਨਾਲ ਕਈ ਵੱਡੀਆਂ ਚੀਜ਼ਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਨੂੰ ਜਾਣ ਕੇ ਕਿਸੇ ਵੀ ਕ੍ਰਿਕਟ ਫੈਨਜ਼ ਦਾ ਇਸ ਵੱਕਾਰੀ ਖੇਡ ਤੋਂ ਭਰੋਸਾ ਉੱਠਣ ਵਿਚ ਦੇਰ ਨਹੀਂ ਲੱਗੇਗੀ।
1 ਕਰੋੜ ਦੇ ਕੇ 2 ਮਹੀਨਿਆਂ 'ਚ ਖੇਡੋ ਫਸਟ ਕਲਾਸ ਕ੍ਰਿਕਟ
ਚੈਨਲ ਨੇ ਇਕ ਵੀਡੀਓ ਵੀ ਦਿਖਾਈ ਹੈ। ਇਸ ਵਿਚ ਬਿਹਾਰ ਕ੍ਰਿਕਟ ਐਸੋਸੀਏਸ਼ਨ ਦਾ  ਚੋਣਕਰਤਾ ਦੱਸਿਆ ਜਾ ਰਿਹਾ ਨੀਰਜ ਕੁਮਾਰ ਇਹ ਕਹਿੰਦਾ ਹੋਇਆ ਦਿਖਾਇਆ ਜਾ ਰਿਹਾ ਹੈ ਕਿ ਜੇਕਰ ਖਿਡਾਰੀ ਇਹ ਰਕਮ ਅਦਾ ਕਰਦੇ ਹਨ ਤਾਂ ਇਸੇ ਸੀਜ਼ਨ ਵਿਚ ਉਹ ਰਣਜੀ ਟਰਾਫੀ ਤਾਂ ਕੀ ਸਭ ਕੁਝ ਖੇਡ ਸਕਦੇ ਹਨ। 
ਟੀ-20 ਜਾਂ ਰਣਜੀ ਟਰਾਫੀ ਹੋਵੇ ਜਾਂ ਫਿਰ ਵਨ ਡੇ ਹੋਵੇ...ਜਾਂ ਵਿਜੇ ਹਜ਼ਾਰੇ। ਖੂਫੀਆ ਕੈਮਰੇ ਤੋਂ ਬੇਖੌਫ ਨੀਰਜ ਤਾਂ ਇਥੋਂ ਤੱਕ ਬੋਲ ਗਿਆ ਕਿ ਜੇਕਰ ਉਸ ਨੂੰ 1 ਕਰੋੜ ਰੁਪਏ ਮਿਲਣ ਤਾਂ ਉਹ ਸਿਰਫ 2 ਮਹੀਨਿਆਂ ਅੰਦਰ ਕਿਸੇ ਵੀ ਕ੍ਰਿਕਟਰ ਨੂੰ ਉਸ ਕਤਾਰ ਵਿਚ ਖੜ੍ਹਾ ਕਰ ਦੇਵੇਗਾ।
5 ਲੱਖ 'ਚ ਬਣਦੇ ਹਨ ਫਰਜ਼ੀ ਦਸਤਾਵੇਜ਼
ਨੀਰਜ ਉਕਤ ਗੱਲਬਾਤ ਦੌਰਾਨ ਬਿਹਾਰ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਰਵੀ ਸ਼ੰਕਰ ਪ੍ਰਸਾਦ ਦਾ ਨਾਂ ਲੈਂਦਾ ਹੋਇਆ ਦਿਖਾਈ ਦਿੰਦਾ ਹੈ। ਨੀਰਜ ਕਹਿੰਦਾ ਹੈ ਕਿ ਉਸ ਦੀ ਰਵੀ ਸ਼ੰਕਰ ਨਾਲ ਗੱਲ ਹੋ ਗਈ ਹੈ। ਖਿਡਾਰੀ ਨੂੰ 75 ਲੱਖ ਵਿਚ ਅਡਜਸਟ ਕਰ ਲਿਆ ਜਾਵੇਗਾ। ਇਸ ਵਿਚੋਂ 5 ਲੱਖ ਰੁਪਏ ਤਾਂ ਖਿਡਾਰੀਆਂ ਦੇ ਫਰਜ਼ੀ ਦਸਤਾਵੇਜ਼ ਬਣਾਉਣ ਵਿਚ ਹੀ ਲੱਗ ਜਾਣਗੇ। ਇਸ ਕੰਮ ਵਿਚ ਰਵੀ ਸ਼ੰਕਰ ਨੂੰ 35 ਲੱਖ ਰੁਪਏ ਮਿਲਣਗੇ।  ਉਥੇ ਹੀ ਲਾਤੇਹਾਰ ਕ੍ਰਿਕਟ ਐਸੋਸੀਏਸ਼ਨ ਦਾ ਸਕੱਤਰ ਦੱਸਿਆ ਜਾ ਰਿਹਾ ਅਮਲੇਸ਼ ਤਾਂ ਇਥੋਂ ਤੱਕ ਬੋਲ ਗਿਆ ਕਿ ਪੈਸੇ ਹੋਣ ਤਾਂ ਅੰਡਰ-16, ਅੰਡਰ-19, ਅੰਡਰ-23 ਤੋਂ ਇਲਾਵਾ ਰਣਜੀ ਟਰਾਫੀ, ਵਿਜੇ ਹਜ਼ਾਰੇ ਟਰਾਫੀ ਅਤੇ ਆਈ. ਪੀ. ਐੱਲ. ਵਰਗੇ ਟੂਰਨਾਮੈਂਟ ਵਿਚ ਵੀ ਮੌਕਾ ਮਿਲ ਜਾਂਦਾ ਹੈ।
ਆਈ. ਪੀ. ਐੱਲ. ਚੇਅਰਮੈਨ ਬੋਲੇ-ਜਾਂਚ ਕਰਵਾਵਾਂਗੇ
ਘਪਲੇ 'ਤੇ ਜਦੋਂ ਆਈ. ਪੀ. ਐੱਲ. ਚੇਅਰਮੈਨ ਰਾਜੀਵ ਸ਼ੁਕਲਾ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ। ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ। ਜੋ ਦੋਸ਼ੀ ਹੋਵੇਗਾ, ਉਸ ਨੂੰ ਛੱਡਿਆ ਨਹੀਂ ਜਾਵੇਗਾ। ਉਥੇ ਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਦੇ ਪ੍ਰਮੁੱਖ ਵਿਨੋਦ ਰਾਏ ਵੀ ਕਾਰਵਾਈ ਦੇ ਮੂਡ ਵਿਚ ਦਿਖਾਈ ਦੇ ਰਹੇ ਹਨ।
ਸਾਬਕਾ ਕ੍ਰਿਕਟਰ ਨੇ ਲਾਏ ਦੋਸ਼
ਉਕਤ ਘਪਲੇ 'ਤੇ ਮੋਹਰ ਲਾਉਂਦੇ ਹੋਏ ਬਿਹਾਰ ਰਣਜੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਕੁਮਾਰ ਨੇ ਐਸੋਸੀਏਸ਼ਨ ਦੇ ਅਧਿਕਾਰੀਆਂ 'ਤੇ ਰਿਸ਼ਵਤ ਲੈ ਕੇ ਖਿਡਾਉਣ ਦੇ ਦੋਸ਼ ਵੀ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਣਜੀ ਸੀਜ਼ਨ ਵਿਚ ਬਿਹਾਰ ਨੇ 40 ਤੋਂ ਜ਼ਿਆਦਾ ਖਿਡਾਰੀਆਂ ਨੂੰ ਖਿਡਾਇਆ ਹੈ। ਇਹ ਸਭ ਭ੍ਰਿਸ਼ਟਾਚਾਰ ਕਾਰਨ ਹੀ ਹੋਇਆ ਹੈ।


Gurdeep Singh

Content Editor

Related News