ਲੰਡਨ ’ਚ ਫਾਈਟਸਟਾਰ ਚੈਂਪੀਅਨਸ਼ਿਪ 39 ’ਚ ਉਤਰੇਗਾ ਸੰਗਰਾਮ ਸਿੰਘ
Thursday, Oct 22, 2026 - 11:28 AM (IST)
ਨਵੀਂ ਦਿੱਲੀ– ਭਾਰਤੀ ਪਹਿਲਵਾਨ ਤੋਂ ਐੱਮ. ਐੱਮ. ਏ. ਫਾਈਟਰ ਬਣਿਆ ਸੰਗਰਾਮ ਸਿੰਘ 19 ਦਸੰਬਰ 2026 ਨੂੰ ਲੰਡਨ ’ਚ ਹੋਣ ਵਾਲੀ ਫਾਈਟਸਟਾਰ ਚੈਂਪੀਅਨਸ਼ਿਪ 39 ’ਚ ਮੁਕਾਬਲਾ ਕਰੇਗਾ। ਇਹ ਆਯੋਜਨ ਲੰਡਨ ਦੇ ਇੰਡੀਗੋ ਐਟ ਦਿ ਓ2 ’ਚ ਹੋਵੇਗਾ, ਜਿੱਥੇ ਸੰਗਰਾਮ ਦਾ ਸਾਹਮਣਾ ਮਾਲਟਾ ਦੇ ਵਾਲੋਚੋਨ ਨਾਲ ਹੋਵੇਗਾ। ਇਸ ਮੁਕਾਬਲੇ ਨੂੰ ਰਾਸ਼ਟਰਮੰਡਲ ਖਿਤਾਬ ਲਈ ਹੋਣ ਵਾਲੇ ਮੁਕਾਬਲੇ ਦੇ ਰੂਪ ’ਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ।
ਦੋ ਵਾਰ ਰਾਸ਼ਟਰਮੰਡਲ ਹੈਵੀਵੇਟ ਕੁਸ਼ਤੀ ਚੈਂਪੀਅਨ ਰਹਿ ਚੁੱਕੇ ਸੰਗਰਾਮ ਸਿੰਘ ਨੇ ਮਿਕਸਡ ਮਾਰਸ਼ਲ ਆਰਟਸ (ਐੱਮ. ਐੱਮ. ਏ.) ’ਚ ਵੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਹ ਹੁਣ ਤੱਕ ਆਪਣੇ ਚਾਰੇ ਪੇਸ਼ੇਵਰ ਮੁਕਾਬਲੇ ਜਿੱਤ ਚੁੱਕਾ ਹੈ। ਉਸ ਨੇ ਸਤੰਬਰ 2024 ’ਚ ਜਾਰਜੀਆ ’ਚ ਆਯੋਜਿਤ ਗਾਮਾ ਇੰਟਰਨੈਸ਼ਨਲ ਫਾਈਟਿੰਗ ਚੈਂਪੀਅਨਸ਼ਿਪ ’ਚ ਪਾਕਿਸਤਾਨ ਦੇ ਅਲੀ ਰਜ਼ਾ ਨਾਸਿਰ ਨੂੰ ਸਿਰਫ 90 ਸੈਕੰਡ ’ਚ ਹਰਾ ਕੇ ਐੱਮ. ਐੱਮ. ਏ. ’ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਟਿਊਨੀਸ਼ੀਆ ਦੇ ਹਕੀਮ ਤ੍ਰਾਬੇਲਸੀ ਤੇ ਫਰਾਂਸ ਦੇ ਫਲੋਰੀਅਨ ਕੂਡੀਅਰ ਨੂੰ ਹਰਾਇਆ ਤੇ ਕੁਆਲਾਲੰਪੁਰ, ਮਲੇਸ਼ੀਆ ’ਚ ਸਟ੍ਰਾਈਕ ਏਸ਼ੀਆ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ।
19 ਜੁਲਾਈ 2026 ਨੂੰ ਆਪਣੇ ਪਿਛਲੇ ਮੁਕਾਬਲੇ ’ਚ ਸੰਗਰਾਮ ਨੇ ਪਾਕਿਸਤਾਨ ਦੇ ਮੁਹੰਮਦ ਆਬਿਦ ਅਲੀ ਨੂੰ ਸਿਰਫ 80 ਸੈਕੰਡ ’ਚ ਨਾਕਆਊਟ ਕਰ ਕੇ ਸਟ੍ਰਾਈਕ ਏਸ਼ੀਆ ਚੈਂਪੀਅਨਸ਼ਿਪ ਜਿੱਤੀ। ਇਸ ਜਿੱਤ ਨੇ ਕੌਮਾਂਤਰੀ ਐੱਮ. ਐੱਮ. ਏ. ਸਰਕਟ ’ਤੇ ਉਸ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ।
ਅਗਾਮੀ ਮੁਕਾਬਲੇ ਨੂੰ ਲੈ ਕੇ ਸੰਗਰਾਮ ਸਿੰਘ ਨੇ ਕਿਹਾ, ‘‘ਉਮਰ ਸਿਰਫ ਇਕ ਸੰਖਿਆ ਹੈ। ਸਭ ਤੋਂ ਜ਼ਿਆਦਾ ਮਾਇਨੇ ਤੁਹਾਡਾ ਅਨੁਸ਼ਾਸਨ, ਸਮਰਪਣ ਤੇ ਖੁਦ ਨੂੰ ਲਗਾਤਾਰ ਚੁਣੌਤੀ ਦੇਣ ਦਾ ਜਜ਼ਬਾ ਰੱਖਦਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਕੌਮਾਂਤਰੀ ਮੰਚ ’ਤੇ ਭਾਰਤ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ ਤੇ ਐੱਮ. ਐੱਮ. ਏ. ’ਚ ਆਪਣੀ ਇਸ ਯਾਤਰਾ ਨੂੰ ਅੱਗੇ ਵਧਾ ਰਿਹਾ ਹਾਂ। ਲੰਡਨ ਦਾ ਇਹ ਮੇਰਾ ਪਹਿਲਾ ਦੌਰਾ ਵੀ ਹੋਵੇਗਾ, ਇਸ ਲਈ ਇਹ ਮੌਕਾ ਮੇਰੇ ਲਈ ਹੋਰ ਖਾਸ ਹੈ। ਮੈਂ ਰਿੰਗ ਦੇ ਅੰਦਰ ਆਪਣਾ ਸਰਵੋਤਮ ਦੇਣਾ ਚਾਹੁੰਦਾ ਹਾਂ ਤੇ ਭਾਰਤ ਦੇ ਨੌਜਵਾਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਆਪਣੇ ਨਵੇਂ ਸੁਪਨੇ ਨੂੰ ਪੂਰਾ ਕਰਨ ਲਈ ਕਦੇ ਦੇਰ ਨਹੀਂ ਹੁੰਦੀ।’’
