ਵਾਇਰਸ ਦੇ ਖਤਰੇ ਵਿਚਾਲੇ ਸਬਾਲੇਂਕਾ ਕੁਆਰਟਰ ਫਾਈਨਲ ’ਚ, ਗਾਫ ਤੇ ਰਾਯਬਾਕਿਨਾ ਬਾਹਰ

Wednesday, Apr 29, 2026 - 10:28 AM (IST)

ਵਾਇਰਸ ਦੇ ਖਤਰੇ ਵਿਚਾਲੇ ਸਬਾਲੇਂਕਾ ਕੁਆਰਟਰ ਫਾਈਨਲ ’ਚ, ਗਾਫ ਤੇ ਰਾਯਬਾਕਿਨਾ ਬਾਹਰ

ਮੈਡ੍ਰਿਡ- ਵਿਸ਼ਵ ਦੀ ਨੰਬਰ ਇਕ ਖਿਡਾਰਨ ਆਰਿਨਾ ਸਬਾਲੇਂਕਾ ਨੇ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ’ਚ ਖਿਡਾਰੀਆਂ ਲਈ ਬੀਮਾਰੀ ਦਾ ਕਾਰਨ ਬਣੇ ਵਾਇਰਸ ਦੇ ਖਤਰੇ ਅਤੇ ਨਾਓਮੀ ਓਸਾਕਾ ਦੀ ਜੁਝਾਰੂ ਖੇਡ ਤੋਂ ਖੁਦ ਨੂੰ ਬਚਾਉਂਦੇ ਹੋਏ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ। ਇਗਾ ਸਵਿਯਾਤੇਕ, ਕੋਕੋ ਗਾਫ, ਮਾਰਿਨ ਸਿਲਿਚ ਤੇ ਕੁਝ ਹੋਰ ਖਿਡਾਰੀ ਪੇਟ ’ਚ ਇਨਫੈਕਸ਼ਨ ਤੋਂ ਪ੍ਰਭਾਵਿਤ ਹੋਏ ਹਨ ਪਰ ਸਬਾਲੇਂਕਾ ਨੇ ਕਿਹਾ ਕਿ ਉਹ ਸਾਧਾਰਨ ਭੋਜਨ ਕਰਕੇ ਬੀਮਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। ਖਿਡਾਰੀਆਂ ਦੇ ਵਿਚਾਲੇ ਇਹ ਅਫਵਾਹ ਸੀ ਕਿ ਖਰਾਬ ਝੀਂਗਾ ਟੈਕੋ ਇਨਫੈਕਸ਼ਨ ਲਈ ਜ਼ਿੰਮੇਵਾਰ ਸਨ।

ਐਤਵਾਰ ਨੂੰ ਸੋਰਾਣਾ ਸਿਰਸਟੀਆ ’ਚ ਜਿੱਤ ਦੌਰਾਨ ਗਾਫ ਨੇ ਕੋਰਟ ’ਤੇ ਉਲਟੀ ਕਰ ਦਿੱਤੀ ਸੀ ਪਰ ਸੋਮਵਾਰ ਨੂੰ ਲਿੰਡਾ ਨੋਸਕੋਵਾ ਹੱਥੋਂ 6-4, 1-6, 7-6 (5) ਨਾਲ ਹਾਰ ਦੇ ਦੌਰਾਨ ਅਮਰੀਕੀ ਖਿਡਾਰਨ ’ਚ ਬੀਮਾਰੀ ਦੇ ਕੋਈ ਲੱਛਣ ਨਹੀਂ ਦਿਸੇ। ਲਿੰਡਾ ਨੋਸਕੋਵਾ ਪਿਛਲੇ ਸਾਲ ਉਪ ਜੇਤੂ ਰਹੀ ਸੀ। 6 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਵਿਯਾਤੇਕ ਨੇ ਸ਼ਨੀਵਾਰ ਨੂੰ ਮੈਚ ਦੇ ਵਿਚਾਲੇ ਤੋਂ ਹਟਣ ਤੋਂ ਬਾਅਦ ਕਿਹਾ, ‘‘ਮੈਂ ਸੁਣਿਆ ਹੈ ਕਿ ਕੋਈ ਵਾਇਰਸ ਫੈਲ ਰਿਹਾ ਹੈ। ਮੇਰੀ ਤਬੀਅਤ ਬਹੁਤ ਖਰਾਬ ਹੈ।’’

ਮੌਜੂਦਾ ਚੈਂਪੀਅਨ ਸਬਾਲੇਂਕਾ ਨੇ ਚੌਥੇ ਦੌਰ ਦੇ ਮੁਕਾਬਲੇ ’ਚ ਓਸਾਕਾ ਵਿਰੁੱਧ ਇਕ ਸੈੱਟ ਤੇ ਇਕ ਬ੍ਰੇਕ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਉਸ ਨੇ ਦੋ ਘੰਟੇ 20 ਮਿੰਟ ਤੱਕ ਚੱਲੇ ਮੈਚ ’ਚ 6-7 (1), 6-3, 6-2 ਨਾਲ ਜਿੱਤ ਹਾਸਲ ਕੀਤੀ। ਸਬਾਲੇਂਕਾ ਦਾ ਅਗਲਾ ਮੁਕਾਬਲਾ ਅਮਰੀਕੀ ਖਿਡਾਰੀ ਹੈਲੀ ਬੈਪਟਿਸਟ ਨਾਲ ਹੋਵੇਗਾ, ਜਿਸ ਨੇ ਬੇਲਿੰਡਾ ਬੇਨਸਿਚ ਨੂੰ 6-1, 6-7 (14), 6-3 ਨਾਲ ਹਰਾਇਆ।

ਪੁਰਸ਼ ਵਰਗ ’ਚ 19 ਸਾਲਾ ਰਾਫੇਲ ਜੋਡਰ ਹੀ ਇਕਲੌਤਾ ਸਪੇਨੀ ਖਿਡਾਰੀ ਬਚਿਆ ਹੈ ਕਿਉਂਕਿ ਹੋਰ ਸਥਾਨਕ ਖਿਡਾਰੀਆਂ ’ਚ ਡੇਨੀਅਲ ਮੇਰਿਡਾ ਸਟੇਫਾਨੋਸ ਸਿਟਸਿਪਾਸ ਹੱਥੋਂ 6-4, 6-2 ਨਾਲ ਤੇ ਐਲੇਜਾਂਡਰੋ ਡੇਵਿਡੋਵਿਚ ਫੋਕੀਨਾ ਮੌਜੂਦਾ ਚੈਂਪੀਅਨ ਕੈਸਪਰ ਰੂਡ ਹੱਥੋਂ 6-3, 6-1 ਨਾਲ ਹਾਰ ਗਏ। ਵਿਸ਼ਵ ਦੇ ਦੂਜੇ ਨੰਬਰ ਦਾ ਖਿਡਾਰੀ ਤੇ ਸਪੇਨ ਦਾ ਮੌਜੂਦਾ ਚੋਟੀ ਦਾ ਖਿਡਾਰੀ ਕਾਰਲੋਸ ਅਲਕਾਰਾਜ਼ ਨੇ ਸੱਜੀ ਬਾਂਹ ’ਚ ਸੱਟ ਦੇ ਕਾਰਨ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਸੀ।


author

Tarsem Singh

Content Editor

Related News