SA20 ਲੀਗ: ਜੋਬਰਗ ਸੁਪਰ ਕਿੰਗਜ਼ ਵਿਰੋਧੀ ਪਾਰਲ ਰਾਇਲਜ਼ ਨੂੰ ਹਰਾ ਕੇ ਪਲੇਆਫ ਵਿੱਚ ਪੁੱਜੀ
Tuesday, Jan 20, 2026 - 03:47 PM (IST)
ਪਾਰਲ (ਦੱਖਣੀ ਅਫ਼ਰੀਕਾ) : ਜੋਬਰਗ ਸੁਪਰ ਕਿੰਗਜ਼ ਨੇ SA20 ਕ੍ਰਿਕਟ ਟੂਰਨਾਮੈਂਟ ਵਿੱਚ ਇੱਕ ਅਹਿਮ ਜਿੱਤ ਦਰਜ ਕਰਦਿਆਂ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਟੀਮ ਨੇ ਲਿਊਸ ਡੂ ਪਲੋਏ ਦੇ ਸ਼ਾਨਦਾਰ ਅਰਧ-ਸੈਂਕੜੇ ਅਤੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਸਦਕਾ ਪਾਰਲ ਰਾਇਲਜ਼ ਨੂੰ 44 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ।
ਡੂ ਪਲੋਏ ਦੀ ਤੂਫ਼ਾਨੀ ਪਾਰੀ ਪਹਿਲਾਂ ਬੱਲੇਬਾਜ਼ੀ ਕਰਦਿਆਂ ਜੋਬਰਗ ਸੁਪਰ ਕਿੰਗਜ਼ ਨੇ 5 ਵਿਕਟਾਂ ਦੇ ਨੁਕਸਾਨ 'ਤੇ 166 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਲਿਊਸ ਡੂ ਪਲੋਏ ਨੇ ਮਹਿਜ਼ 27 ਗੇਂਦਾਂ ਵਿੱਚ 54 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ, ਜਿਸ ਵਿੱਚ 5 ਚੌਕੇ ਅਤੇ 3 ਸ਼ਾਨਦਾਰ ਛੱਕੇ ਸ਼ਾਮਲ ਸਨ।
167 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਰਲ ਰਾਇਲਜ਼ ਦੀ ਟੀਮ ਦਬਾਅ ਹੇਠ ਬਿਖਰ ਗਈ। ਡੈਨ ਲਾਰੈਂਸ ਦੀਆਂ 45 ਦੌੜਾਂ ਅਤੇ ਲਹੁਆਂਡਰੇ ਪ੍ਰਿਟੋਰੀਅਸ ਦੀਆਂ 32 ਦੌੜਾਂ ਦੇ ਬਾਵਜੂਦ ਪੂਰੀ ਟੀਮ 18.1 ਓਵਰਾਂ ਵਿੱਚ 122 ਦੌੜਾਂ 'ਤੇ ਸਿਮਟ ਗਈ। ਸੁਪਰ ਕਿੰਗਜ਼ ਵੱਲੋਂ ਦੱਖਣੀ ਅਫ਼ਰੀਕੀ ਸਪਿਨਰ ਪ੍ਰੇਨੇਲਨ ਸੁਬਰਾਇਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਿਰਫ਼ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਨਾਂਦਰੇ ਬਰਗਰ ਅਤੇ ਦਿੱਗਜ ਸਪਿਨਰ ਇਮਰਾਨ ਤਾਹਿਰ ਨੇ ਵੀ 2-2 ਵਿਕਟਾਂ ਝਟਕਾਈਆਂ।
