ਬੰਗਲਾਦੇਸ਼ ਖਿਲਾਫ ਗਲਤੀਆਂ ਸੁਧਾਰਾਂਗੇ : ਰੋਹਿਤ
Monday, Jul 01, 2019 - 04:22 PM (IST)

ਸਪੋਰਟਸ ਡੈਸਕ— ਮੇਜ਼ਬਾਨ ਇੰਗਲੈਂਡ ਖਿਲਾਫ ਵਰਲਡ ਕੱਪ ਟੂਰਨਾਮੈਂਟ ਦੇ ਐਤਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਮਿਲੀ 31 ਦੌੜਾਂ ਦੀ ਹਾਰ ਦੇ ਬਾਅਦ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਿਹਾ ਕਿ ਭਾਰਤ ਨੂੰ ਇੰਗਲੈਂਡ ਦੇ ਗੇਂਦਬਾਜ਼ਾਂ ਤੋਂ ਸਬਕ ਲੈਣ ਦੀ ਜ਼ਰੂਰਤ ਹੈ। ਭਾਰਤ ਨੂੰ ਐਤਵਾਰ ਨੂੰ ਇੰਗਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੋਹਿਤ ਨੇ ਇਸ ਮੁਕਾਬਲੇ 'ਚ ਸ਼ਾਨਦਾਰ ਪਾਰੀ ਖੇਡਦੇ ਹੋਏ 102 ਦੌੜਾਂ ਬਣਾਈਆਂ ਅਤੇ ਇਸ ਵਰਲਡ ਕੱਪ 'ਚ ਆਪਣਾ ਤੀਜਾ ਸੈਂਕੜਾ ਬਣਾਇਆ। ਇਸ ਵਰਲਡ ਕੱਪ 'ਚ ਭਾਰਤ ਦੀ ਇਹ ਪਹਿਲੀ ਹਾਰ ਹੈ। ਭਾਰਤ ਦੀ ਹਾਰ ਦੇ ਨਾਲ ਹੀ ਮੇਜ਼ਬਾਨ ਇੰਗਲੈਂਡ ਨੇ ਸੈਮੀਫਾਈਨਲ ਦੀ ਉਮੀਦਾਂ ਨੂੰ ਬਰਕਰਾਰ ਰਖਿਆ ਹੈ। ਹਾਲਾਂਕਿ ਉਸ ਨੂੰ ਗਰੁੱਪ ਪੜਾਅ ਦੇ ਆਪਣੇ ਆਖਰੀ ਮੈਚ 'ਚ ਨਿਊਜ਼ੀਲੈਂਡ ਖਿਲਾਫ ਹਰ ਹਾਲ 'ਚ ਜਿੱਤ ਦਰਜ ਕਨਰੀ ਹੋਵੇਗੀ।
ਰੋਹਿਤ ਨੇ ਕਿਹਾ, ''ਇੰਗਲੈਂਡ ਨੇ ਸਾਰੇ ਮੈਚ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਕ ਨਹੀਂ ਸਗੋਂ ਤਿੰਨ ਮਜ਼ਬੂਤ ਸਾਂਝੇਦਾਰੀਆਂ ਕੀਤੀਆਂ ਜਦਕਿ ਸਾਡੀ ਟੀਮ ਸਿਰਫ ਇਕ ਵੱਡੀ ਸਾਂਝੇਦਾਰੀ ਹੀ ਕਰ ਸਕੀ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਟ ਬਾਲ ਅਤੇ ਹੌਲੀ ਗੇਂਦਬਾਜ਼ੀ ਕੀਤੀ ਅਤੇ ਸਾਨੂੰ ਵੱਡੇ ਸ਼ਾਟਸ ਖੇਡਣ ਲਈ ਮਜ਼ਬੂਰ ਕੀਤਾ ਜਿਸ ਕਰਕੇ ਅਸੀਂ ਆਪਣੀਆਂ ਵਿਕਟਾਂ ਗੁਆ ਬੈਠੇ। ਸਾਨੂੰ ਅਗਲੇ ਮੈਚ 'ਚ ਇਸ ਤੋਂ ਸਬਕ ਲੈਣਾ ਹੋਵੇਗਾ।'' ਜ਼ਿਕਰਯੋਗ ਹੈ ਕਿ ਭਾਰਤ ਨੇ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਲੋਕੇਸ਼ ਰਾਹੁਲ ਦਾ ਵਿਕਟ ਛੇਤੀ ਹੀ ਗੁਆ ਦਿੱਤਾ ਸੀ ਪਰ ਇਸ ਤੋਂ ਬਾਅਦ ਰੋਹਿਤ ਨੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਸੰਭਾਲਿਆ ਅਤੇ ਦੋਹਾਂ ਨੇ ਦੂਜੇ ਵਿਕਟ ਲਈ 138 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।