ਰੋਹਿਤ ਸ਼ਰਮਾ ਦਾ ਟੁੱਟਿਆ ਰਿਕਾਰਡ, ਸਿਕੰਦਰ ਰਜ਼ਾ ਨੇ 33 ਗੇਂਦਾਂ ''ਤੇ ਲਾਇਆ ਟੀ-20 ਦਾ ਸਭ ਤੋਂ ਤੇਜ਼ ਸੈਂਕੜਾ
Wednesday, Oct 23, 2024 - 11:17 PM (IST)
ਸਪੋਰਟਸ ਡੈਸਕ : ਸਿਕੰਦਰ ਰਜ਼ਾ ਨੇ ਬੁੱਧਵਾਰ ਨੂੰ ਗਾਂਬੀਆ ਖਿਲਾਫ ਟੀ-20 ਮੈਚ 'ਚ ਰਿਕਾਰਡ-ਤੋੜ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ। ਜ਼ਿੰਬਾਬਵੇ ਦੇ ਇਸ ਆਲਰਾਊਂਡਰ ਨੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਸਬ ਰਿਜਨਲ ਅਫਰੀਕਾ ਕੁਆਲੀਫਾਇਰ ਗਰੁੱਪ-ਬੀ ਮੈਚ ਵਿਚ 33 ਗੇਂਦਾਂ ਵਿਚ ਸੈਂਕੜਾ ਲਗਾਇਆ, ਜੋ ਕਿ ਟੈਸਟ ਖੇਡਣ ਵਾਲੇ ਦੇਸ਼ ਦੇ ਕਿਸੇ ਖਿਡਾਰੀ ਦਾ ਸਭ ਤੋਂ ਤੇਜ਼ ਸੈਂਕੜਾ ਹੈ। ਕਪਤਾਨ ਰਜ਼ਾ ਨੇ ਅੱਗੇ ਵੱਧ ਕੇ ਆਪਣੀ ਟੀਮ ਦੀ ਅਗਵਾਈ ਕੀਤੀ ਅਤੇ ਆਪਣੀ ਅਜੇਤੂ 133 ਦੌੜਾਂ ਦੀ ਪਾਰੀ ਦੌਰਾਨ ਗਾਂਬੀਆ ਦੇ ਗੇਂਦਬਾਜ਼ਾਂ ਨੂੰ ਪਾਰਕ ਦੇ ਚਾਰੇ ਪਾਸੇ ਸ਼ਾਟ ਲਗਾਏ। ਉਨ੍ਹਾਂ ਨੇ 43 ਗੇਂਦਾਂ ਦੀ ਆਪਣੀ ਪਾਰੀ 'ਚ 7 ਚੌਕੇ ਅਤੇ 15 ਛੱਕੇ ਲਗਾਏ।
ਟੀ-20i 'ਚ ਸਭ ਤੋਂ ਤੇਜ਼ ਸੈਂਕੜਾ
27 ਗੇਂਦਾਂ : ਸਾਹਿਲ ਚੌਹਾਨ (ਐਸਟੋਨੀਆ ਬਨਾਮ ਸਾਈਪ੍ਰਸ) 2024
33 ਗੇਂਦਾਂ : ਸਿਕੰਦਰ ਰਜ਼ਾ (ਜ਼ਿੰਬਾਬਵੇ ਬਨਾਮ ਨਾਮੀਬੀਆ) 2024
33 ਗੇਂਦਾਂ : ਜੌਨ ਨਿਕੋਲ ਲੋਫਟੀ ਈਟਨ (ਮੰਗੋਲੀਆ ਬਨਾਮ ਨੇਪਾਲ) 2023
34 ਗੇਂਦਾਂ : ਸਾਹਿਲ ਚੌਹਾਨ (ਨੇਪਾਲ ਬਨਾਮ ਮੰਗੋਲੀਆ) 2017
35 ਗੇਂਦਾਂ : ਡੇਵਿਡ ਮਿਲਰ ਬਨਾਮ ਬੰਗਲਾਦੇਸ਼, ਰੋਹਿਤ ਸ਼ਰਮਾ ਬਨਾਮ ਸ਼੍ਰੀਲੰਕਾ, 2017
2 ਦਿਨਾਂ 'ਚ ਸਿਕੰਦਰ ਦੇ ਨਾਂ 2 ਰਿਕਾਰਡ
ਕੱਲ੍ਹ ਹੀ ਰਵਾਂਡਾ ਖਿਲਾਫ ਖੇਡਦੇ ਹੋਏ ਸਿਕੰਦਰ ਰਜ਼ਾ ਟੀ-20 ਇੰਟਰਨੈਸ਼ਨਲ ਵਿਚ ਪੰਜ ਵਿਕਟਾਂ ਲੈਣ ਵਾਲੇ ਜ਼ਿੰਬਾਬਵੇ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਹੁਣ ਉਸ ਨੇ ਗਾਂਬੀਆ ਖਿਲਾਫ ਸਭ ਤੋਂ ਤੇਜ਼ ਸੈਂਕੜਾ ਬਣਾ ਲਿਆ ਹੈ। ਜ਼ਿੰਬਾਬਵੇ ਦੇ ਕਿਸੇ ਖਿਡਾਰੀ ਦਾ ਟੀ-20 ਵਿਚ ਇਹ ਪਹਿਲਾ ਸੈਂਕੜਾ ਵੀ ਸੀ।
ਟੀ-20 ਦੀ ਇਕ ਪਾਰੀ 'ਚ ਸਭ ਤੋਂ ਵੱਧ ਸਕੋਰ
314/3 ਨੇਪਾਲ ਬਨਾਮ ਮੰਗੋਲੀਆ ਸਤੰਬਰ 2023
297/6 ਭਾਰਤ ਬਨਾਮ ਬੰਗਲਾਦੇਸ਼ ਅਕਤੂਬਰ 2024
286/5 ਬਨਾਮ ਜ਼ਿੰਬਾਬਵੇ ਬਨਾਮ ਸੇਸ਼ੇਲਸ, ਅਕਤੂਬਰ 2024
278/3 ਅਫਗਾਨਿਸਤਾਨ ਬਨਾਮ ਆਇਰਲੈਂਡ, ਫਰਵਰੀ 2019
278/4 ਚੈੱਕ ਗਣਰਾਜ ਬਨਾਮ ਤੁਰਕੀ, ਅਗਸਤ 2019
ਇੰਝ ਰਿਹਾ ਮੁਕਾਬਲਾ
ਨੈਰੋਬੀ ਦੇ ਰੁਆਰਕਾ ਸਪੋਰਟਸ ਕਲੱਬ ਮੈਦਾਨ 'ਤੇ ਪਹਿਲਾਂ ਖੇਡਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਗਾਂਬੀਆ ਦੀ ਟੀਮ ਖਿਲਾਫ 344 ਦੌੜਾਂ ਬਣਾਈਆਂ। ਇਸ ਵਿਚ ਸਿਕੰਦਰ ਰਜ਼ਾ ਦੀ 43 ਗੇਂਦਾਂ ਵਿਚ ਖੇਡੀ ਗਈ 133 ਦੌੜਾਂ ਦੀ ਪਾਰੀ ਅਹਿਮ ਰਹੀ। ਟੀਚੇ ਦਾ ਪਿੱਛਾ ਕਰਨ ਉਤਰੀ ਗੈਂਬੀਆ ਦੀ ਟੀਮ 14.4 ਓਵਰਾਂ ਵਿਚ ਸਿਰਫ਼ 54 ਦੌੜਾਂ ਹੀ ਬਣਾ ਸਕੀ ਅਤੇ 290 ਦੌੜਾਂ ਨਾਲ ਮੈਚ ਹਾਰ ਗਈ। ਜ਼ਿੰਬਾਬਵੇ ਲਈ ਰਿਚਰਡ ਨਗਾਰਵਾ ਨੇ 13 ਦੌੜਾਂ ਦੇ ਕੇ 3, ਬ੍ਰੈਂਡਨ ਮਾਵੁਤਾ ਨੇ 10 ਦੌੜਾਂ ਦੇ ਕੇ 3 ਅਤੇ ਵੇਸਲੇ ਨੇ ਵੀ 2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਟੀ-20 'ਚ ਦੌੜਾਂ ਦੇ ਮਾਮਲੇ 'ਚ ਸਭ ਤੋਂ ਵੱਡੀ ਜਿੱਤ ਨੇਪਾਲ ਦੇ ਨਾਂ ਸੀ ਜਿਸ ਨੇ ਮੰਗੋਲੀਆ ਨੂੰ 273 ਦੌੜਾਂ ਨਾਲ ਹਰਾਇਆ ਸੀ।
ਦੋਵੇਂ ਟੀਮਾਂ ਦੀ ਪਲੇਇੰਗ-11
ਗਾਂਬੀਆ : ਮੁਸਤਫਾ ਸੁਵਾਰੇਹ, ਫ੍ਰੈਂਕ ਕੈਂਪਬੈਲ, ਗੈਬਰੀਅਲ ਰਿਲੇ, ਮੁਹੰਮਦ ਮੰਗਾ (ਵਿਕਟਕੀਪਰ), ਇਸਮਾਈਲਾ ਟਾਂਬਾ (ਕਪਤਾਨ), ਅਬੂਬਾਕਰ ਕੁਯਾਤੇਹ, ਅਸੀਮ ਅਸ਼ਰਫ, ਬਾਸੀਰੂ ਜਾਏ, ਅਰਜੁਨਸਿੰਘ ਰਾਜਪੁਰੋਹਿਤ, ਆਂਦਰੇ ਜਾਰਜੂ, ਮੌਸਾ ਜੋਬਰਤੇਹ।
ਜ਼ਿੰਬਾਬਵੇ : ਬ੍ਰਾਇਨ ਬੇਨੇਟ, ਤਦੀਵਨਾਸ਼ੇ ਮਾਰੂਮਨੀ (ਵਿਕਟਕੀਪਰ), ਡਿਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਰਿਆਨ ਬਰਲ, ਕਲਾਈਵ ਮਦਾਂਡੇ, ਵੇਸਲੇ ਮਧਵੇਰੇ, ਤਾਸ਼ਿੰਗਾ ਮੁਸੇਕੀਵਾ, ਬਲੇਸਿੰਗ ਮੁਜ਼ਾਰਬਾਨੀ, ਬ੍ਰੈਂਡਨ ਮਾਵੁਥਾ, ਰਿਚਰਡ ਨਗਾਰਵਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8