ਰੋਬੋਟ ਨੇ ਓਸੈਨ ਬੋਲਟ ਦਾ 100 ਮੀਟਰ ਦੌੜ ਦਾ ਰਿਕਾਰਡ ਤੋੜਿਆ

Monday, Aug 24, 2026 - 11:39 AM (IST)

ਰੋਬੋਟ ਨੇ ਓਸੈਨ ਬੋਲਟ ਦਾ 100 ਮੀਟਰ ਦੌੜ ਦਾ ਰਿਕਾਰਡ ਤੋੜਿਆ

ਬੀਜਿੰਗ- ਚੀਨ ਦੇ ਹਿਊਮਨੌਇਡ (ਮਨੁੱਖਾਂ ਦੇ ਆਕਾਰ ਦੇ) ਰੋਬੋਟ ਨੇ ਐਤਵਾਰ ਨੂੰ ਬੀਜਿੰਗ ’ਚ ਸ਼ੁਰੂ ਹੋਏ ਓਲੰਪਿਕ ਵਰਗੇ ਵਿਸ਼ਵ ਹਿਊਮਨੌਇਡ ਰੋਬੋਟ ਖੇਡਾਂ ਦੇ ਪਹਿਲੇ ਦਿਨ ਮਨੁੱਖਾਂ ਦੇ ਰਿਕਾਰਡ ਤੋੜ ਦਿੱਤੇ। ਇਨ੍ਹਾਂ ’ਚ ਜਮੈਕਾ ਦੇ ਮਹਾਨ ਦੌੜਾਕ ਓਸੈਨ ਬੋਲਟ ਦਾ 100 ਮੀਟਰ ਦੌੜ ਦਾ ਵਿਸ਼ਵ ਰਿਕਾਰਡ ਵੀ ਸ਼ਾਮਲ ਹੈ। ਪ੍ਰਬੰਧਕਾਂ ਅਨੁਸਾਰ ਪ੍ਰਤੀਯੋਗਿਤਾ ’ਚ 2 ਹਜ਼ਾਰ ਤੋਂ ਵੱਧ ਹਿਊਮਨੌਇਡ ਰੋਬੋਟ ਹਿੱਸਾ ਲੈ ਰਹੇ ਹਨ। 5 ਦਿਨਾਂ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦਾ ਇਹ ਦੂਜਾ ਸੈਸ਼ਨ ਹੈ।

ਅਮਰੀਕਾ ਦੇ ਨਾਲ ਤਕਨੀਕੀ ਪ੍ਰਤੀਯੋਗਿਤਾ ਵਧਣ ਵਿਚਾਲੇ ਇਹ ਆਯੋਜਨ ਰੋਬੋਟਿਕਸ ਦੇ ਖੇਤਰ ’ਚ ਚੀਨ ਦੀ ਤੇਜ਼ੀ ਨਾਲ ਵਧਦੀ ਸਮਰੱਥਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ’ਚ ਦੌੜ, ਟੇਬਲ ਟੈਨਿਸ ਅਤੇ ਫੁੱਟਬਾਲ ਸਮੇਤ 51 ਪ੍ਰਤੀਯੋਗਿਤਾਵਾਂ ’ਚ 1 ਹਜ਼ਾਰ ਤੋਂ ਵੱਧ ਮੁਕਾਬਲੇ ਹੋਣਗੇ। ਇਨ੍ਹਾਂ ਖੇਡਾਂ ਦਾ ਆਯੋਜਨ 2022 ਸਰਦਰੁੱਤ ਓਲੰਪਿਕ ਲਈ ਬਣਾਏ ਗਏ ਨੈਸ਼ਨਲ ਸਪੀਡ ਸਕੇਟਿੰਗ ਓਵਲ ’ਚ ਹੋ ਰਿਹਾ ਹੈ।

ਸ਼ਨੀਵਾਰ ਨੂੰ ਰੋਬੋਟ ਖੇਡਾਂ ਦੇ ਉਦਘਾਟਨ ਸਮਾਰੋਹ ’ਚ ਪ੍ਰਬੰਧਕਾਂ ਤੇ ਰੋਬੋਟ ਨਿਰਮਾਤਾਵਾਂ ਨੇ ਕਿਹਾ ਕਿ ਚੀਨ ਦੇ ਹਿਊਮਨੌਇਡ ਰੋਬੋਟ ਨੇ ਮਨੁੱਖਾਂ ਦੇ ਵਿਸ਼ਵ ਰਿਕਾਰਡ ਪਿੱਛੇ ਛੱਡ ਦਿੱਤੇ ਹਨ। ਇਸ ਦੌਰਾਨ ਸੈਂਕੜੇ ਹਿਊਮਨੌਇਡ ਰੋਬੋਟ ਨੇ ਤਾਲਮੇਲ ਦੇ ਨਾਲ ਮੈਦਾਨ ’ਚ ਮਾਰਚ ਕਰਕੇ ਆਪਣੀ ਸੁਮੇਲ ਸਮਰੱਥਾ ਦਾ ਪ੍ਰਦਰਸ਼ਨ ਕੀਤਾ।

ਇਕ ਹਿਊਮਨੌਇਡ ਰੋਬੋਟ ਨੇ 100 ਮੀਟਰ ਦੌੜ ’ਚ 9.39 ਸੈਕੰਡ ਦਾ ਸਮਾਂ ਦਰਜ ਕੀਤਾ, ਜਿਹੜਾ 2009 ’ਚ ਜਮੈਕਾ ਦੇ ਐਥਲੀਟ ਓਸੈਨ ਬੋਲਟ ਵੱਲੋਂ ਬਣਾਏ ਗਏ 9.58 ਸੈਕੰਡ ਦੇ ਮਨੱੁਖੀ ਵਿਸ਼ਵ ਰਿਕਾਰਡ ਤੋਂ ਬਿਹਤਰ ਹੈ।

ਸਥਿਰ ਅਵਸਥਾ ਤੋਂ ਹਾਈ ਜੰਪ ’ਚ ਇਕ ਹਿਊਮਨੌਇਡ ਰੋਬੋਟ ਨੇ 2.88 ਮੀਟਰ ਦੀ ਉੱਚਾਈ ਹਾਸਲ ਕੀਤੀ। ਇਹ ਪਿਛਲੇ ਸਾਲ ਖੇਡਾਂ ਦੇ ਪਹਿਲੇ ਸੈਸ਼ਨ ’ਚ ਹਿਊਮਨੌਇਡ ਰੋਬੋਟ ਵੱਲੋਂ ਹਾਸਲ ਕੀਤੇ ਗਏ 0.95 ਮੀਟਰ ਦੇ ਸਰਵੋਤਮ ਪ੍ਰਦਰਸ਼ਨ ਤੋਂ ਕਾਫੀ ਜ਼ਿਆਦਾ ਹੈ। ਇਸ ਰੋਬੋਟ ਨੇ ਕਿਊਬਾ ਦੇ ਜੇਵੀਅਰ ਸੋਟੋਮਾਯੋਰ ਵੱਲੋਂ 1993 ’ਚ ਬਣਾਏ ਗਏ 2.45 ਮੀਟਰ ਦੇ ਮਨੁੱਖੀ ਵਿਸ਼ਵ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਦੋਵੇਂ ਰਿਕਾਰਡ ਬਣਾਉਣ ਵਾਲੇ ਰੋਬੋਟ ਬੀਜਿੰਗ ਸਥਿਤ ਐਕਸ-ਹਿਊਮਨੌਇਡ ਦੇ ਸਨ।

ਪ੍ਰਬੰਧਕਾਂ ਅਨੁਸਾਰ ਖੇਡਾਂ ਦੇ ਉਦਘਾਟਨ ਤੋਂ ਪਹਿਲਾਂ ਚੀਨੀ ਸਮਾਰਟਫੋਨ ਕੰਪਨੀ ਆਨਰ ਦੇ ਇਕ ਹਿਊਮਨੌਇਡ ਰੋਬੋਟ ਨੇ ਟੈਸਟ ਦੌਰਾਨ 100 ਮੀਟਰ ਦੀ ਦੌੜ 9.32 ਸੈਕੰਡ ’ਚ ਪੂਰੀ ਕੀਤੀ ਸੀ।


author

Tarsem Singh

Content Editor

Related News