ਸੰਘਰਸ਼ ਦੇ ਦਿਨਾਂ ''ਚ ਗੁਰਦੁਆਰੇ ''ਚ ਹੀ ਸੌਂ ਜਾਂਦਾ ਸੀ ਰਿਸ਼ਭ ਪੰਤ

04/26/2019 4:30:49 AM

ਨਵੀਂ ਦਿੱਲੀ- ਭਾਰਤੀ ਟੈਸਟ ਟੀਮ ਦਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕ੍ਰਿਕਟਰ ਬਣਨ ਦੇ ਆਪਣੇ ਸੰਘਰਸ਼ ਦੇ ਦਿਨਾਂ ਵਿਚ ਗੁਰਦੁਆਰੇ ਵਿਚ ਹੀ ਸੌਂ ਜਾਇਆ ਕਰਦਾ ਸੀ। 21 ਸਾਲਾ ਪੰਤ ਨੇ ਵੀਰਵਾਰ ਨੂੰ ਇੱਥੇ ਇਕ ਪ੍ਰ੍ਰੋਗਰਾਮ ਦੌਰਾਨ ਆਪਣੀ ਵਿਥਿਆ ਦੱਸੀ। ਪੰਤ ਨੇ ਕਿਹਾ, ''ਮੇਰੇ ਪਿਤਾ ਜੀ ਕ੍ਰਿਕਟ ਖੇਡਿਆ ਕਰਦੇ ਸਨ ਤੇ ਉਹ ਵੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਕ੍ਰਿਕਟਰ ਬਣੇ। ਮੈਂ ਉੱਤਰਾਖੰਡ ਵਿਚ ਪੈਦਾ ਹੋਇਆ ਸੀ ਤੇ ਰੁੜਕੀ ਵਿਚ ਪੜ੍ਹਦਾ ਸੀ। ਉਸ ਸਮੇਂ ਮੈਂ ਜਦੋਂ ਰੁੜਕੀ ਵਿਚ ਖੇਡਿਆ ਕਰਦਾ ਸੀ ਤਾਂ ਮੈਨੂੰ ਸਲਾਹ ਦਿੱਤੀ ਗਈ ਸੀ ਕਿ ਮੈਨੂੰ ਦਿੱਲੀ ਜਾਣਾ ਚਾਹੀਦਾ ਹੈ। ਮੈਂ ਰੁੜਕੀ ਤੋਂ ਦਿੱਲੀ ਅਭਿਆਸ ਕਰਨ ਆਉਂਦਾ ਸੀ। ਰਾਤ ਨੂੰ 2 ਵਜੇ ਦੀ ਬੱਸ ਫੜ ਕੇ ਮੈਂ ਦਿੱਲੀ ਆਉਂਦਾ ਸੀ ਤਾਂ ਕਿ ਮੈਂ ਇੱਥੇ ਅਭਿਆਸ ਕਰ ਸਕਾਂ। ਮੈਂ ਤਕਰੀਬਨ 6 ਘੰਟੇ ਦਾ ਸਫਰ ਤੈਅ ਕਰਦਾ ਸੀ। ਕਦੇ ਮੈਂ ਆਪਣੀ ਦੀਦੀ ਦੇ ਘਰ ਚਲਾ ਜਾਂਦਾ ਸੀ ਤਾਂ ਕਦੇ ਗੁਰਦੁਆਰਾ ਸਾਹਿਬ ਵਿਚ ਹੀ ਸੌਂ ਜਾਇਆ ਕਰਦਾ ਸੀ।''
ਉਸ ਨੇ ਕਿਹਾ, ''ਮੈਂ ਦਿੱਲੀ ਤੋਂ ਰਾਜਸਥਾਨ ਵੀ ਗਿਆ ਤੇ ਫਿਰ ਵਾਪਸ ਕ੍ਰਿਕਟ ਖੇਡਣ ਲਈ ਦਿੱਲੀ ਆ ਗਿਆ। ਮੈਂ ਇੱਥੋਂ ਤਕ ਪਹੁੰਚਣ ਲਈ ਇਕ ਲੰਬਾ ਸਫਰ ਤੈਅ ਕੀਤਾ ਹੈ।''

PunjabKesari
ਧੋਨੀ ਸਰਵਸ੍ਰੇਸ਼ਠ ਵਿਕਟਕੀਪਰ : ਸ਼ਿਖਰ
ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਚੁਣੇ ਗਏ ਓਪਨਰ ਤੇ ਆਈ. ਪੀ. ਐੱਲ. ਵਿਚ ਦਿੱਲੀ ਕੈਪੀਟਲਸ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮਹਿੰਦਰ ਸਿੰਘ ਧੋਨੀ ਹੀ ਸਰਵਸ੍ਰੇਸ਼ਠ ਵਿਕਟਕੀਪਰ ਹੈ ਤੇ ਰਿਸ਼ਭ ਪੰਤ ਨੂੰ ਅਜੇ ਲੰਬਾ ਰਸਤਾ ਤੈਅ ਕਰਨਾ ਪਵੇਗਾ। ਧਵਨ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਟੀਮ ਦੇ ਹੋਰਨਾਂ ਖਿਡਾਰੀਆਂ ਰਿਸ਼ਭ ਪੰਤ, ਇਸ਼ਾਂਤ ਸ਼ਰਮਾ ਤੇ ਹਨੁਮਾ ਵਿਹਾਰੀ ਦੀ ਮੌਜੂਦਗੀ ਵਿਚ ਇਹ ਗੱਲ ਕਹੀ। 
ਧੋਨੀ ਤੇ ਪੰਤ ਵਿਚੋਂ ਸਰਵਸ੍ਰੇਸ਼ਠ ਵਿਕਟਕੀਪਰ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਸ਼ਿਖਰ ਨੇ ਕਿਹਾ,''ਧੋਨੀ ਭਰਾ ਕੋਲ ਵੱਡਾ ਤਜਰਬਾ ਹੈ ਤੇ ਉਹ ਮੌਜੂਦਾ ਸਮੇਂ ਵਿਚ ਸਰਵਸ੍ਰੇਸ਼ਠ ਵਿਕਟਕੀਪਰ ਹੈ। ਪੰਤ ਅਜੇ ਨੌਜਵਾਨ ਹੈ ਤੇ ਧੋਨੀ ਦੇ ਨਾਲ ਰਹਿ ਕੇ ਉਹ ਭਵਿੱਖ ਵਿਚ ਬਿਹਤਰ ਬਣੇਗਾ।''


Gurdeep Singh

Content Editor

Related News