RCB vs CSK : ਵਿਰਾਟ ਕੋਹਲੀ ਨੇ IPL ਕੋਡ ਆਫ ਕੰਡਕਟ ਦੀ ਕੀਤੀ ਉਲੰਘਣਾ, ਲੱਗਾ ਜੁਰਮਾਨਾ
Tuesday, Apr 18, 2023 - 03:44 PM (IST)
ਬੈਂਗਲੁਰੂ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਚਿੰਨਾਸਵਾਮੀ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਦੌਰਾਨ ਆਈਪੀਐੱਲ ਕੋਡ ਆਫ ਕੰਡਕਟਦੀ ਉਲੰਘਣਾ ਕਰਨ ਲਈ ਮੈਚ ਫੀਸ ਦਾ 10 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਚੇਨਈ ਵਿੱਚ ਸੋਮਵਾਰ ਨੂੰ ਖੇਡੇ ਗਏ ਇਸ ਮੈਚ ਵਿੱਚ ਅੱਠ ਦੌੜਾਂ ਨਾਲ ਜਿੱਤ ਦਰਜ ਕੀਤੀ।
ਆਈਪੀਐਲ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਹਲੀ ਨੇ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.2 ਦੇ ਤਹਿਤ ਨਿਯਮਾਂ ਦੀ ਉਲੰਘਣਾ ਕੀਤੀ ਹੈ। ਹਾਲਾਂਕਿ ਬਿਆਨ 'ਚ ਉਸ ਘਟਨਾ ਦਾ ਵੇਰਵਾ ਨਹੀਂ ਦਿੱਤਾ ਗਿਆ ਜਿਸ ਲਈ ਕੋਹਲੀ 'ਤੇ ਜੁਰਮਾਨਾ ਲਗਾਇਆ ਗਿਆ ਸੀ। ਕੋਹਲੀ ਨੇ ਚੇਨਈ ਸੁਪਰ ਕਿੰਗਜ਼ ਦੇ ਮੱਧ ਕ੍ਰਮ ਦੇ ਬੱਲੇਬਾਜ਼ ਸ਼ਿਵਮ ਦੂਬੇ ਦੇ ਆਊਟ ਹੋਣ ਦਾ ਜਸ਼ਨ ਬਹੁਤ ਜ਼ਿਆਦਾ ਉਤਸ਼ਾਹ ਨਾਲ ਮਨਾਇਆ ਸੀ ਅਤੇ ਸੰਭਾਵਿਤ ਤੌਰ 'ਤੇ ਇਸ ਨੂੰ ਆਚਾਰ ਸੰਹਿਤਾ ਦੀ ਉਲੰਘਣਾ ਮੰਨਿਆ ਗਿਆ ਸੀ।
ਦੁਬੇ ਨੇ 27 ਗੇਂਦਾਂ 'ਤੇ 52 ਦੌੜਾਂ ਬਣਾਈਆਂ ਸਨ, ਜਿਸ ਨਾਲ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ 'ਤੇ 226 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਆਈਪੀਐਲ ਨੇ ਬਿਆਨ 'ਚ ਕਿਹਾ, "ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਆਪਣੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਦੌਰਾਨ ਆਈਪੀਐਲ ਦੀ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ ਉਸਦੀ ਮੈਚ ਫੀਸ ਦਾ 10 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਹੈ।" ਇਸ 'ਚ ਕਿਹਾ ਗਿਆ ਹੈ, 'ਕੋਹਲੀ ਨੇ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.2 ਦੇ ਤਹਿਤ ਲੈਵਲ 1 ਦਾ ਅਪਰਾਧ ਸਵੀਕਾਰ ਕੀਤਾ ਹੈ। ਜ਼ਾਬਤੇ ਦੇ ਪੱਧਰ 1 ਦੀ ਉਲੰਘਣਾ ਦੇ ਮਾਮਲੇ ਵਿੱਚ, ਮੈਚ ਰੈਫਰੀ ਦਾ ਫੈਸਲਾ ਅੰਤਿਮ ਹੁੰਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।