ਪੰਜਾਬ ਕਿੰਗਜ਼ ਵਿਰੁੱਧ ਗੇਂਦਬਾਜ਼ਾਂ ਦੇ ਬਿਹਤਰ ਪ੍ਰਦਰਸ਼ਨ ’ਤੇ ਲੱਗੀਆਂ ਨੇ RCB ਦੀਆਂ ਨਜ਼ਰਾਂ

Sunday, Mar 24, 2024 - 06:52 PM (IST)

ਪੰਜਾਬ ਕਿੰਗਜ਼ ਵਿਰੁੱਧ ਗੇਂਦਬਾਜ਼ਾਂ ਦੇ ਬਿਹਤਰ ਪ੍ਰਦਰਸ਼ਨ ’ਤੇ ਲੱਗੀਆਂ ਨੇ RCB ਦੀਆਂ ਨਜ਼ਰਾਂ

ਬੈਂਗਲੁਰੂ– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਅਜੇ ਤਕ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-2024 ਗੇੜ ਵਿਚ ਸਿਰਫ ਇਕ ਹੀ ਮੈਚ ਖੇਡਿਆ ਹੈ ਪਰ ਇਸ ਨੇ ਉਸਦੀ ਗੇਂਦਬਾਜ਼ੀ ਦੀ ਕਮਜ਼ੋਰੀ ਨੂੰ ਉਜਾਗਰ ਕਰ ਦਿੱਤਾ ਹੈ, ਜਿਸ ਨਾਲ ਸੋਮਵਾਰ ਨੂੰ ਇੱਥੇ ਚਿੰਨਾਸਵਾਮੀ ਸਟੇਡੀਅਮ ’ਚ ਪੰਜਾਬ ਕਿੰਗਜ਼ ਵਿਰੁੱਧ ਹੋਣ ਵਾਲੇ ਮੈਚ ਵਿਚ ਉਸ ਨੂੰ ਗੇਂਦਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਦੀ ਲੋੜ ਹੈ।
ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਵਿਰੁੱਧ ਇਸ ਗੇੜ ਦੇ ਸ਼ੁਰੂਆਤੀ ਮੈਚ ’ਚ ਤੇਜ਼ ਗੇਂਦਬਾਜ਼ ਅੱਖਾਂ ਬੰਦ ਕਰਕੇ ਸ਼ਾਟ ਪਿੱਚ ਗੇਂਦ ਸੁੱਟਣ ਦੀ ਰਣਨੀਤੀ ’ਤੇ ਡਟੇ ਰਹੇ ਜਦਕਿ ਚੇਪਾਕ ਦੀ ਪਿੱਚ ’ਤੇ ਸਪਿਨਰਾਂ ਲਈ ਜ਼ਿਆਦਾ ਕੁਝ ਨਹੀਂ ਸੀ।
ਆਰ. ਸੀ. ਬੀ. ਦੇ ਤਿੰਨੇ ਸਪਿਨਰਾਂ ਮਯੰਕ ਡਾਗਰ, ਕਰਣ ਸ਼ਰਮਾ ਤੇ ਗਲੇਨ ਮੈਕਸਵੈੱਲ ਨੇ ਮਿਲ ਕੇ 5 ਓਵਰ ਸੁੱਟੇ ਤੇ ਉਹ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕੇ। ਇਨ੍ਹਾਂ ਤਿੰਨਾਂ ਨੇ ਮਿਲ ਕੇ 37 ਦੌੜਾਂ ਦੇ ਕੇ ਸਿਰਫ 1 ਵਿਕਟ ਲਈ। ਉੱਥੇ ਹੀ, ਜੇਕਰ ਸੀ. ਐੱਸ. ਕੇ. ਦੇ ਦੋ ਸਪਿਨਰਾਂ ਰਵਿੰਦਰ ਜਡੇਜਾ ਤੇ ਮਹੇਸ਼ ਤੀਕਸ਼ਣਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਮਿਲ ਕੇ 8 ਓਵਰ ਕੀਤੇ ਤੇ 57 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦਕਿ ਇਸ ਦੌਰਾਨ ਬੱਲੇਬਾਜ਼ੀ ਕਰਨਾ ਬਹੁਤ ਆਸਾਨ ਸੀ। ਇਸ ਲਈ ਆਰ. ਸੀ. ਬੀ. ਦੇ ਸਪਿਨਰਾਂ ਨੂੰ ਇੱਥੇ ਛੋਟੀ ਬਾਊਂਡਰੀ ਤੇ ਤੇਜ਼ ਆਊਟਫੀਲਡ ’ਤੇ ਮੁਸ਼ਕਿਲ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣਾ ਪਵੇਗਾ।
ਇਸ ਸਟੇਡੀਅਮ ਵਿਚ ਜ਼ਿਆਦਾਤਰ ਮੌਕਿਆਂ ’ਤੇ ਟੀਮ ਨੇ ਇਕ ਪਾਰੀ ਵਿਚ 200 ਤੋਂ ਵੱਧ ਦੌੜਾਂ ਬਣਾਈਆਂ ਹਨ ਤੇ ਅਜਿਹਾ 27 ਵਾਰ ਹੋ ਚੁੱਕਾ ਹੈ ਤੇ ਇਸ ਪਿੱਚ ’ਤੇ ਆਈ. ਪੀ. ਐੱਲ. ’ਚ ਪਹਿਲੀ ਪਾਰੀ ਦਾ ਔਸਤ ਸਕੋਰ 172 ਰਿਹਾ ਹੈ। ਇਸ ਨਾਲ ਪੰਜਾਬ ਕਿੰਗਜ਼ ਵਿਰੁੱਧ ਆਰ. ਸੀ. ਬੀ. ਦੇ ਤੇਜ਼ ਗੇਂਦਬਾਜ਼ਾਂ ਨੂੰ ਵੀ ਜ਼ਿੰਮੇਵਾਰੀ ਨਾਲ ਖੇਡਣਾ ਪਵੇਗਾ। ਮੁਹੰਮਦ ਸਿਰਾਜ, ਅਲਜਾਰੀ ਜੋਸੇਫ ਤੇ ਯਸ਼ ਦਿਆਲ ਨੇ ਸੀ.ਐੱਸ. ਕੇ. ਵਿਰੁੱਧ ਇਕ ਓਵਰ ’ਚ ਦੋ ਬਾਊਂਸਰ ਸੁੱਟਣ ਦੇ ਆਪਣੇ ਕੋਟੇ ਦਾ ਪੂਰਾ ਇਸਤੇਮਾਲ ਕੀਤਾ ਪਰ ਇਸ ਦੌਰਾਨ ਉਹ ਆਪਣੀ ਲਾਈਨ ਤੇ ਲੈਂਥ ’ਤੇ ਲਗਾਮ ਗੁਆ ਬੈਠੇ। ਇਹ ਉਸਦੇ ਦੌੜਾਂ ਦੇਣ ਦੀ ਗਤੀ ਤੋਂ ਵੀ ਸਾਫ ਦਿਸਿਆ। ਚੌਥੇ ਤੇਜ਼ ਗੇਂਦਬਾਜ਼ ਕੈਮਰਨ ਗ੍ਰੀਨ ਨੇ ਕਟਰ ਗੇਂਦਾਂ ਦਾ ਇਸਤੇਮਾਲ ਕੀਤਾ, ਜਿਸ ਨਾਲ ਉਸ ਨੂੰ ਦੋ ਵਿਕਟਾਂ ਮਿਲੀਆਂ ਪਰ ਚਿੰਨਾਸਵਾਮੀ ਸਟੇਡੀਅਮ ਵਿਚ ਇਕ ਹੀ ਰਣਨੀਤੀ ’ਤੇ ਡਟੇ ਰਹਿਣਾ ਉਸਦੇ ਲਈ ਆਤਮਘਾਤੀ ਹੋਵੇਗਾ ਤੇ ਉਸ ਨੂੰ ਸਮਝਦਾਰੀ ਨਾਲ ਆਪਣੀ ਬਿਹਤਰੀਨ ਕਲਾ ਨੂੰ ਇਸਤੇਮਾਲ ਕਰਨ ਦਾ ਤਰੀਕਾ ਲੱਭਣਾ ਪਵੇਗਾ।
ਉੱਥੇ ਹੀ, ਆਰ. ਸੀ. ਬੀ. ਨੇ ਚੋਟੀਕ੍ਰਮ ਦੇ ਡਗਮਗਾਉਣ ਤੋਂ ਬਾਅਦ ਸੀ.ਐੱਸ. ਕੇ. ਵਿਰੁੱਧ 6 ਵਿਕਟਾਂ ’ਤੇ 173 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਆਰ. ਸੀ. ਬੀ. ਨੇ 75 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ ਪਰ ਦਿਨੇਸ਼ ਕਾਰਤਿਕ ਤੇ ਅਨੁਜ ਰਾਵਤ ਨੇ ਸਮਝਦਾਰੀ ਨਾਲ ਖੇਡ ਕੇ ਸਕੋਰ 170 ਦੌੜਾਂ ਦੇ ਪਾਰ ਪਹੁੰਚਾਇਆ ਪਰ ਹਰ ਵਾਰ ਹੇਠਲਾ ਕ੍ਰਮ ਭਰੋਸੇਯੋਗਤਾ ਨੂੰ ਸਾਬਤ ਨਹੀਂ ਕਰ ਸਕਦਾ ਕਿਉਂਕਿ ਵਿਰਾਟ ਕੋਹਲੀ, ਕਪਤਾਨ ਫਾਫ ਡੂ ਪਲੇਸਿਸ ਤੇ ਗਲੇਨ ਮੈਕਸਵੈੱਲ ਵਰਗੇ ਸੀਨੀਅਰ ਖਿਡਾਰੀਆਂ ਨੂੰ ਵੱਡੀ ਪਾਰੀ ਖੇਡਣੀ ਹੀ ਪਵੇਗੀ। ਰਜਤ ਪਾਟੀਦਾਰ ਨੂੰ ਵੀ ਨਿਸ਼ਚਿਤ ਤੌਰ ’ਤੇ ਚੰਗੀ ਪਾਰੀ ਖੇਡਣੀ ਪਵੇਗੀ, ਜਿਸ ਨਾਲ ਉਸਦੇ ਅੱਗੇ ਵਾਲੇ ਬੱਲੇਬਾਜ਼ਾਂ ਨੂੰ ਥੋੜ੍ਹੀ ਮਦਦ ਮਿਲੇ। ਆਰ. ਸੀ. ਬੀ. ਲਈ ਇਹ ਜ਼ਰੂਰੀ ਵੀ ਹੈ ਕਿਉਂਕਿ ਪੰਜਾਬ ਕਿੰਗਜ਼ ਦੀ ਟੀਮ ਚੰਗੀ ਹੈ ਜਿਹੜਾ ਸ਼ਨੀਵਾਰ ਨੂੰ ਦਿੱਲੀ ਕੈਪੀਟਲਸ ਵਿਰੁੱਧ ਉਸਦੇ ਪ੍ਰਦਰਸ਼ਨ ਤੋਂ ਸਾਫ ਦਿਸਿਆ ਹੈ। ਹਾਲਾਂਕਿ ਪੰਜਾਬ ਕਿੰਗਜ਼ ਦੀਆਂ ਆਪਣੀਆਂ ਹੀ ਸਮੱਸਿਆਵਾਂ ਹਨ ਜਿਵੇਂ ਜਾਨੀ ਬੇਅਰਸਟੋ ਦੌੜਾਂ ਨਹੀਂ ਬਣਾ ਪਾ ਰਿਹਾ ਹੈ। ਉੱਥੇ ਹੀ, ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਸੈਮ ਕਿਊਰੇਨ ਚੰਗਾ ਨਹੀਂ ਕਰ ਪਾ ਰਿਹਾ ਹੈ ਪਰ ਦਿੱਲੀ ਕੈਪੀਟਲਸ ’ਤੇ ਜਿੱਤ ਨੇ ਉਸਦੀਆਂ ਸਾਰੀਆਂ ਚਿੰਤਾਵਾਂ ਨੂੰ ਅਸਥਾਈ ਤੌਰ ’ਤੇ ਖਤਮ ਕਰ ਦਿੱਤਾ ਹੈ।


author

Aarti dhillon

Content Editor

Related News